3ਸ਼ਲੋਮੋਨ ਨੇ ਉਸ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ; ਰਾਜੇ ਕੋਲ ਕੋਈ ਅਜਿਹੀ ਗੱਲ ਨਹੀਂ ਸੀ ਜਿਸਦਾ ਦਾ ਉਸਨੇ ਉੱਤਰ ਦਿੱਤਾ ਨਾ ਹੋਵੇ।
4ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ,
5ਉਸ ਦੇ ਮੇਜ਼ ਉੱਤੇ ਭੋਜਨ, ਉਸਦੇ ਅਧਿਕਾਰੀਆਂ ਦੇ ਬੈਠਣ ਦਾ ਤਰੀਕਾ, ਉਸਦੇ ਸੇਵਕਾਂ ਦੀ ਆਗਿਆਕਾਰੀ ਅਤੇ ਉਹਨਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਸ ਦੀਆਂ ਹੋਮ ਬਲੀਆਂ ਜਿਹੜੀਆਂ ਉਹ ਯਾਹਵੇਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਸ ਦੇ ਹੋਸ਼ ਉੱਡ ਗਏ।
6ਉਸਨੇ ਰਾਜੇ ਨੂੰ ਆਖਿਆ, “ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧ ਦੇ ਬਾਰੇ ਆਪਣੇ ਦੇਸ਼ ਵਿੱਚ ਸੁਣੀ ਸੀ।
7ਪਰ ਮੈਂ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਾ ਕੀਤਾ ਜਦੋਂ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਸਭ ਕੁਝ ਨਾ ਵੇਖਿਆ। ਸੱਚ-ਮੁੱਚ, ਉਹ ਮੈਨੂੰ ਅੱਧੀਆਂ ਵੀ ਨਹੀਂ ਦੱਸੀਆਂ ਗਈਆ, ਸਿਆਣਪ ਅਤੇ ਦੌਲਤ ਵਿੱਚ ਤੁਸੀਂ ਉਸ ਨਾਲੋਂ ਕਿਤੇ ਵੱਧ ਹੋ ਜੋ ਮੈਂ ਸੁਣੀ ਹੈ।