16ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਇਸਰਾਏਲ ਦੇ ਰਾਜੇ ਵਜੋਂ ਮਸਹ ਕਰ, ਅਤੇ ਅਬੇਲ ਮਹੋਲਾਹ ਤੋਂ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਨੂੰ ਨਬੀ ਵਜੋਂ ਮਸਹ ਕਰ।
17ਤਾਂ ਐਉਂ ਹੋਵੇਗਾ ਕਿ ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਯੇਹੂ ਮਾਰੇਗਾ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ ਉਹ ਨੂੰ ਅਲੀਸ਼ਾ ਮਾਰੇਗਾ।
18ਪਰ ਮੈਂ ਇਸਰਾਏਲ ਵਿੱਚੋਂ ਆਪਣੇ ਲਈ ਸੱਤ ਹਜ਼ਾਰ ਰੱਖ ਲਏ ਹਨ ਉਹ ਸਭ ਜਿਨ੍ਹਾਂ ਨੇ ਬਆਲ ਅੱਗੇ ਆਪਣੇ ਗੋਡੇ ਨਹੀਂ ਟੇਕੇ ਅਤੇ ਉਹ ਸਾਰੇ ਮੂੰਹ ਜਿਨ੍ਹਾਂ ਨੇ ਉਹ ਨੂੰ ਨਹੀਂ ਚੁੰਮਿਆ।”
19ਤਾਂ ਏਲੀਯਾਹ ਉੱਥੋਂ ਚਲਾ ਗਿਆ ਅਤੇ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਨੂੰ ਲੱਭ ਲਿਆ। ਉਹ ਬਲਦਾਂ ਦੇ ਬਾਰਾਂ ਜੂਲੇ ਨਾਲ ਹਲ ਚਲਾ ਰਿਹਾ ਸੀ ਅਤੇ ਉਹ ਖੁਦ ਬਾਰ੍ਹਵੀਂ ਜੋੜੀ ਚਲਾ ਰਿਹਾ ਸੀ। ਏਲੀਯਾਹ ਉਸ ਕੋਲ ਗਿਆ ਅਤੇ ਆਪਣਾ ਚੋਗਾ ਉਸ ਦੇ ਦੁਆਲੇ ਸੁੱਟ ਦਿੱਤਾ।
20ਤਦ ਅਲੀਸ਼ਾ ਆਪਣੇ ਬਲਦਾਂ ਨੂੰ ਛੱਡ ਕੇ ਏਲੀਯਾਹ ਦੇ ਪਿੱਛੇ ਭੱਜਿਆ। “ਮੈਨੂੰ ਪਰਵਾਨਗੀ ਦੇਹ ਜੋ ਮੈਂ ਆਪਣੇ ਮਾਤਾ ਪਿਤਾ ਨੂੰ ਚੁੰਮ ਆਵਾਂ ਤਾਂ ਮੈਂ ਤੇਰੇ ਪਿੱਛੇ ਲੱਗ ਜਾਵਾਂਗਾ।” ਉਸ ਨੇ ਉਹ ਨੂੰ ਆਖਿਆ, “ਮੁੜ ਜਾਹ! ਮੈਂ ਤੈਨੂੰ ਕੀ ਕੀਤਾ?”