1ਕੁਝ ਸਮੇਂ ਬਾਅਦ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਇੱਕ ਘਟਨਾ ਵਾਪਰੀ। ਅੰਗੂਰੀ ਬਾਗ ਯਿਜ਼ਰਏਲ ਵਿੱਚ ਸਾਮਰਿਯਾ ਦੇ ਰਾਜਾ ਅਹਾਬ ਦੇ ਮਹਿਲ ਦੇ ਨੇੜੇ ਸੀ।
2ਅਹਾਬ ਨਾਬੋਥ ਨੂੰ ਬੋਲਿਆ, “ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇਹ ਭਈ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲੱਗਦਾ ਹੈ ਅਤੇ ਮੈਂ ਤੈਨੂੰ ਉਹ ਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹ ਦੇ ਲਈ ਚਾਂਦੀ ਦਿਆਂਗਾ।”
3ਪਰ ਨਾਬੋਥ ਨੇ ਅਹਾਬ ਨੂੰ ਉੱਤਰ ਦਿੱਤਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਤੁਹਾਨੂੰ ਆਪਣੇ ਪੁਰਖਿਆਂ ਦੀ ਵਿਰਾਸਤ ਦੇਵਾਂ।”
4ਤਾਂ ਅਹਾਬ ਉਦਾਸ ਅਤੇ ਗੁੱਸੇ ਵਿੱਚ ਘਰ ਚਲਾ ਗਿਆ ਕਿਉਂਕਿ ਯਿਜ਼ਰਏਲੀ ਨਾਬੋਥ ਨੇ ਕਿਹਾ ਸੀ, “ਮੈਂ ਤੈਨੂੰ ਆਪਣੇ ਪੁਰਖਿਆਂ ਦੀ ਵਿਰਾਸਤ ਨਹੀਂ ਦਿਆਂਗਾ।” ਉਹ ਆਪਣੇ ਬਿਸਤਰੇ ਉੱਤੇ ਲੇਟ ਗਿਆ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ।