16ਤਾਂ ਰਾਜੇ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਾਹਵੇਹ ਦੇ ਨਾਮ ਉੱਤੇ ਸਚਿਆਈ ਤੋਂ ਇਲਾਵਾ ਹੋਰ ਕੁਝ ਨਾ ਦੱਸ?”
17ਤਦ ਮੀਕਾਯਾਹ ਨੇ ਉੱਤਰ ਦਿੱਤਾ, “ਮੈਂ ਸਾਰੇ ਇਸਰਾਏਲ ਨੂੰ ਪਹਾੜਾਂ ਉੱਤੇ ਭੇਡਾਂ ਵਾਂਗੂੰ ਬਿਨਾਂ ਚਰਵਾਹੇ ਦੇ ਖਿੱਲਰੇ ਹੋਏ ਵੇਖਿਆ ਅਤੇ ਯਾਹਵੇਹ ਨੇ ਆਖਿਆ, ‘ਇਨ੍ਹਾਂ ਲੋਕਾਂ ਦਾ ਕੋਈ ਮਾਲਕ ਨਹੀਂ ਹੈ। ਹਰ ਇੱਕ ਨੂੰ ਸ਼ਾਂਤੀ ਨਾਲ ਆਪਣੇ ਘਰ ਜਾਣ ਦਿਓ।’ ”
18ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਦੱਸਿਆ ਸੀ ਕਿ ਉਹ ਮੇਰੇ ਬਾਰੇ ਕਦੇ ਵੀ ਭਲੇ ਦੀ ਭਵਿੱਖਬਾਣੀ ਨਹੀਂ ਕਰਦਾ, ਪਰ ਸਿਰਫ ਬੁਰਿਆਈ ਹੀ ਕਰਦਾ ਹੈ?”
19ਮੀਕਾਯਾਹ ਨੇ ਅੱਗੇ ਕਿਹਾ, “ਇਸ ਲਈ ਯਾਹਵੇਹ ਦਾ ਬਚਨ ਸੁਣੋ: ਮੈਂ ਯਾਹਵੇਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਸਦੇ ਸੱਜੇ ਅਤੇ ਖੱਬੇ ਅਤੇ ਉਸਦੇ ਦੁਆਲੇ ਖੜ੍ਹੀਆਂ ਸਨ।
20ਅਤੇ ਯਾਹਵੇਹ ਨੇ ਕਿਹਾ, ‘ਕੌਣ ਅਹਾਬ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਅਤੇ ਉੱਥੇ ਉਸਦੀ ਮੌਤ ਲਈ ਭਰਮਾਏਗਾ?’ “ਉੱਥੇ ਕਿਸੇ ਨੇ ਇੱਕ ਜਵਾਬ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਦਿੱਤਾ।