6ਇਸ ਲਈ ਇਸਰਾਏਲ ਦੇ ਰਾਜਾ ਨੇ ਨਬੀਆਂ ਨੂੰ ਜੋ ਲਗਭਗ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਪੁੱਛਿਆ, ਕੀ ਮੈਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਂਵਾ ਜਾਂ ਨਾ? ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਜਾਓ ਕਿਉਂ ਜੋ ਯਾਹਵੇਹ ਉਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”
7ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”
8ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਉੱਤਰ ਦਿੱਤਾ, “ਅਜੇ ਵੀ ਇੱਕ ਨਬੀ ਹੈ ਜਿਸ ਦੇ ਰਾਹੀਂ ਅਸੀਂ ਯਾਹਵੇਹ ਤੋਂ ਪੁੱਛ ਸਕਦੇ ਹਾਂ, ਪਰ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ ਸਗੋਂ ਹਮੇਸ਼ਾ ਬੁਰੀ ਕਰਦਾ ਹੈ। ਉਹ ਇਮਲਾਹ ਦਾ ਪੁੱਤਰ ਮੀਕਾਯਾਹ ਹੈ।” ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਰਾਜੇ ਨੂੰ ਅਜਿਹੀ ਗੱਲ ਨਹੀਂ ਆਖਣੀ ਚਾਹੀਦੀ।”
9ਇਸ ਲਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਇੱਕ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਇਮਲਾਹ ਦੇ ਪੁੱਤਰ ਮੀਕਾਯਾਹ ਨੂੰ ਇੱਕ ਵਾਰ ਲੈ ਆਉ।”
10ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਆਪਣੇ ਸ਼ਾਹੀ ਬਸਤਰ ਪਹਿਨੇ ਸਾਮਰਿਯਾ ਦੇ ਦਰਵਾਜ਼ੇ ਦੇ ਕੋਲ ਪਿੜ ਵਿੱਚ ਆਪਣੇ ਸਿੰਘਾਸਣ ਉੱਤੇ ਬੈਠਾ ਸੀ ਅਤੇ ਸਾਰੇ ਨਬੀ ਉਹਨਾਂ ਦੇ ਅੱਗੇ ਭਵਿੱਖਬਾਣੀ ਕਰ ਰਹੇ ਸਨ।