5ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸ਼ਲੋਮੋਨ ਨੂੰ ਯਾਹਵੇਹ ਦਾ ਦਰਸ਼ਣ ਹੋਇਆ ਅਤੇ ਪਰਮੇਸ਼ਵਰ ਨੇ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”
6ਸ਼ਲੋਮੋਨ ਨੇ ਉੱਤਰ ਦਿੱਤਾ, ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਨਾਲ ਵਫ਼ਾਦਾਰੀ ਅਤੇ ਧਰਮ ਅਤੇ ਨੇਕ ਦਿਲ ਨਾਲ ਚੱਲਦਾ ਸੀ। ਤੂੰ ਉਸ ਉੱਤੇ ਇਹ ਵੱਡੀ ਕਿਰਪਾ ਦੀ ਪਾਲਣਾ ਕੀਤੀ ਕਿ ਉਸਨੂੰ ਇੱਕ ਪੁੱਤਰ ਦਿੱਤਾ ਜਿਹੜਾ ਅੱਜ ਦੇ ਦਿਨ ਉਸਦੀ ਰਾਜ ਗੱਦੀ ਤੇ ਬੈਠਾ ਹੈ।
7“ਹੁਣ, ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਮੇਰੇ ਪਿਤਾ ਦਾਵੀਦ ਦੀ ਥਾਂ ਰਾਜਾ ਬਣਾਇਆ ਹੈ। ਪਰ ਮੈਂ ਸਿਰਫ ਇੱਕ ਛੋਟਾ ਬੱਚਾ ਹਾਂ ਅਤੇ ਇਹ ਨਹੀਂ ਜਾਣਦਾ ਕਿ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂ।
8ਤੇਰਾ ਸੇਵਕ ਇੱਥੇ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹੈ, ਉਹ ਬਹੁਤ ਲੋਕ ਹਨ, ਜਿਹੜੇ ਨਾ ਤਾਂ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ।
9ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?”