1ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ, ਅਤੇ ਉਹ ਸਭ ਕੁਝ ਪ੍ਰਾਪਤ ਕਰ ਚੁੱਕਾ ਜੋ ਉਹ ਕਰਨਾ ਚਾਹੁੰਦਾ ਸੀ,
2ਯਾਹਵੇਹ ਨੇ ਸ਼ਲੋਮੋਨ ਨੂੰ ਦੂਸਰੀ ਵਾਰ ਦਰਸ਼ਣ ਦਿੱਤਾ, ਜਿਵੇਂ ਕਿ ਉਸ ਨੇ ਉਹ ਨੂੰ ਗਿਬਓਨ ਵਿੱਚ ਦਰਸ਼ਣ ਦਿੱਤਾ ਸੀ।
3ਯਾਹਵੇਹ ਨੇ ਉਸ ਨੂੰ ਕਿਹਾ: “ਮੈਂ ਉਹ ਪ੍ਰਾਰਥਨਾ ਅਤੇ ਬੇਨਤੀ ਸੁਣ ਲਈ ਹੈ ਜੋ ਤੂੰ ਮੇਰੇ ਅੱਗੇ ਕੀਤੀ ਹੈ; ਮੈਂ ਇਸ ਭਵਨ ਨੂੰ, ਜੋ ਤੂੰ ਬਣਾਇਆ ਹੈ, ਪਵਿੱਤਰ ਕੀਤਾ ਅਤੇ ਮੈਂ ਆਪਣਾ ਨੇਮ ਸਦਾ ਤੱਕ ਇੱਥੇ ਉੱਤੇ ਰੱਖਾਂਗਾ। ਮੇਰੀਆਂ ਅੱਖਾਂ ਅਤੇ ਮੇਰਾ ਦਿਲ ਹਮੇਸ਼ਾ ਉੱਥੇ ਰਹਿਣਗੇ।
4“ਜੇਕਰ ਤੂੰ ਮੇਰੇ ਅੱਗੇ ਦਿਲ ਦੀ ਖਰਿਆਈ ਅਤੇ ਵਫ਼ਾਦਾਰੀ ਨਾਲ ਚੱਲੇ ਜਿਵੇਂ ਤੇਰੇ ਪਿਤਾ ਦਾਵੀਦ ਨੇ ਕੀਤਾ ਸੀ ਅਤੇ ਮੇਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਨਾ ਕਰੇਂਗਾ,
5ਮੈਂ ਤੇਰੇ ਸ਼ਾਹੀ ਸਿੰਘਾਸਣ ਨੂੰ ਇਸਰਾਏਲ ਉੱਤੇ ਸਦਾ ਲਈ ਕਾਇਮ ਰੱਖਾਂਗਾ। ਜਿਵੇਂ ਮੈਂ ਤੇਰੇ ਪਿਤਾ ਦਾਵੀਦ ਨਾਲ ਇਹ ਆਖ ਕੇ ਬਚਨ ਕੀਤਾ ਸੀ, ‘ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਵਿਖੇ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ।’