17ਏਲੀ ਨੇ ਉੱਤਰ ਦਿੱਤਾ, “ਸ਼ਾਂਤੀ ਨਾਲ ਜਾ ਅਤੇ ਇਸਰਾਏਲ ਦਾ ਪਰਮੇਸ਼ਵਰ ਤੈਨੂੰ ਉਹ ਦੇਵੇ ਜੋ ਤੂੰ ਉਸ ਤੋਂ ਮੰਗਿਆ ਹੈ।”
18ਉਸ ਨੇ ਆਖਿਆ, ਤੇਰੀ ਦਯਾ ਤੇਰੀ ਦਾਸੀ ਉੱਤੇ ਬਣੀ ਰਹੇ, ਤਦ ਉਸ ਨੇ ਜਾ ਕੇ ਕੁਝ ਖਾਧਾ ਅਤੇ ਫਿਰ ਉਸ ਦਾ ਚਿਹਰਾ ਉਦਾਸ ਨਹੀਂ ਰਿਹਾ।
19ਅਗਲੀ ਸਵੇਰ ਉਹ ਉੱਠੇ ਅਤੇ ਯਾਹਵੇਹ ਦੇ ਅੱਗੇ ਮੱਥਾ ਟੇਕਿਆ ਅਤੇ ਰਾਮਾਹ ਵਿੱਚ ਆਪਣੇ ਘਰ ਵਾਪਸ ਚਲੇ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਪਿਆਰ ਕੀਤਾ, ਅਤੇ ਯਾਹਵੇਹ ਨੇ ਉਸ ਨੂੰ ਯਾਦ ਕੀਤਾ।
20ਸੋ ਸਮੇਂ ਦੇ ਬੀਤਣ ਨਾਲ ਹੰਨਾਹ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂਕਿ ਉਸ ਨੇ ਆਖਿਆ, “ਮੈਂ ਇਸ ਨੂੰ ਯਾਹਵੇਹ ਕੋਲੋਂ ਮੰਗਿਆ ਹੈ।”
21ਜਦੋਂ ਉਸਦਾ ਪਤੀ ਅਲਕਾਨਾਹ ਆਪਣੇ ਸਾਰੇ ਪਰਿਵਾਰ ਸਮੇਤ ਯਾਹਵੇਹ ਨੂੰ ਸਾਲ ਦੀ ਭੇਟ ਚੜ੍ਹਾਉਣ ਅਤੇ ਆਪਣੀ ਸੁੱਖਣਾ ਪੂਰੀ ਕਰਨ ਲਈ ਗਿਆ।