27ਹੁਣ ਪਰਮੇਸ਼ਵਰ ਦਾ ਇੱਕ ਮਨੁੱਖ ਏਲੀ ਕੋਲ ਆਇਆ ਅਤੇ ਉਸ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ, ‘ਕੀ ਮੈਂ ਤੁਹਾਡੇ ਪੁਰਖੇ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਸਪਸ਼ਟ ਤੌਰ ਉੱਤੇ ਪ੍ਰਗਟ ਨਹੀਂ ਕੀਤਾ? ਜਦੋਂ ਉਹ ਫ਼ਿਰਾਊਨ ਦੇ ਅਧੀਨ ਮਿਸਰ ਵਿੱਚ ਸਨ?
28ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਤੇਰੇ ਪੂਰਵਜ ਨੂੰ ਚੁਣਿਆ ਕਿ ਉਹ ਮੇਰਾ ਜਾਜਕ ਹੋਵੇ, ਮੇਰੀ ਜਗਵੇਦੀ ਉੱਤੇ ਭੇਟ ਚੜ੍ਹਾਵੇ, ਧੂਪ ਧੁਖਾਵੇ ਅਤੇ ਮੇਰੀ ਹਜ਼ੂਰੀ ਵਿੱਚ ਏਫ਼ੋਦ ਪਾਵੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ।
29ਫਿਰ ਤੁਸੀਂ ਕਿਉਂ ਮੇਰੇ ਬਲੀਦਾਨ ਅਤੇ ਚੜ੍ਹਾਵੇ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਲਾਲਚ ਕਰਦੇ ਹੋ? ਅਤੇ ਤੂੰ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਿਉਂ ਕਰਦਾ ਹੈ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਹੁੰਦੇ ਜਾ ਰਿਹੇ ਹੋ?’
30“ਇਸ ਲਈ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਘੋਸ਼ਣਾ ਕਰਦਾ ਹੈ ਕਿ ਮੈਂ ਆਖਿਆ ਸੀ, ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਾਹਵੇਹ ਦਾ ਵਾਕ ਹੈ ਕਿ ਇਹ ਮੇਰੇ ਤੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਹਨਾਂ ਦਾ ਆਦਰ ਕਰਾਂਗਾ ਪਰ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ।
31ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਤੇਰੀ ਤਾਕਤ ਅਤੇ ਤੇਰੇ ਜਾਜਕ ਘਰਾਣੇ ਦੀ ਤਾਕਤ ਘਟਾ ਦਿਆਂਗਾ ਤਾਂ ਜੋ ਕੋਈ ਵੀ ਤੇਰੇ ਘਰਾਣੇ ਵਿੱਚੋਂ ਬੁਢਾਪੇ ਤੱਕ ਨਹੀਂ ਪਹੁੰਚੇਗਾ।