17ਤਦ ਰਾਜੇ ਨੇ ਆਪਣੇ ਪਾਸੇ ਦੇ ਖੜ੍ਹੇ ਸਿਪਾਹੀਆਂ ਨੂੰ ਹੁਕਮ ਦਿੱਤਾ, “ਮੁੜੋ ਅਤੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿਓ ਕਿਉਂਕਿ ਇਹ ਵੀ ਦਾਵੀਦ ਨਾਲ ਮਿਲੇ ਹੋਏ ਹਨ। ਉਹ ਜਾਣਦੇ ਸਨ ਕਿ ਉਹ ਭੱਜ ਰਿਹਾ ਹੈ, ਪਰ ਉਹਨਾਂ ਨੇ ਮੈਨੂੰ ਨਹੀਂ ਦੱਸਿਆ।” ਪਰ ਰਾਜੇ ਦੇ ਅਧਿਕਾਰੀ ਯਾਹਵੇਹ ਦੇ ਸੇਵਕਾਂ ਨੂੰ ਮਾਰਨ ਲਈ ਹੱਥ ਚੁੱਕਣ ਲਈ ਵੀ ਤਿਆਰ ਨਹੀਂ ਸਨ।
18ਤਦ ਰਾਜੇ ਨੇ ਦੋਏਗ ਨੂੰ ਹੁਕਮ ਦਿੱਤਾ, “ਤੂੰ ਮੁੜ ਕੇ ਜਾਜਕਾਂ ਨੂੰ ਮਾਰ ਸੁੱਟ।” ਇਸ ਲਈ ਅਦੋਮੀ ਦੋਏਗ ਨੇ ਮੁੜ ਕੇ ਉਹਨਾਂ ਨੂੰ ਮਾਰ ਦਿੱਤਾ। ਉਸੇ ਦਿਨ ਉਸ ਨੇ ਕਤਾਨ ਦੇ ਏਫ਼ੋਦ ਪਹਿਨੇ ਹੋਏ ਅੱਸੀ ਆਦਮੀਆਂ ਨੂੰ ਮਾਰ ਦਿੱਤਾ।
19ਉਸ ਨੇ ਜਾਜਕਾਂ ਦੇ ਸ਼ਹਿਰ ਨੋਬ ਨੂੰ ਵੀ ਤਲਵਾਰ ਨਾਲ ਵੱਢ ਦਿੱਤਾ ਉਸ ਦੇ ਆਦਮੀਆਂ ਅਤੇ ਔਰਤਾਂ, ਬਾਲਕਾਂ ਅਤੇ ਦੁੱਧ ਚੁੰਘਦੇ ਬੱਚਿਆ ਅਤੇ ਬਲਦਾਂ, ਗਧੇ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ।
20ਪਰ ਅਹੀਟੂਬ ਦੇ ਪੁੱਤਰ ਅਹੀਮਲੇਕ ਦਾ ਇੱਕ ਪੁੱਤਰ, ਜਿਸ ਦਾ ਨਾਮ ਅਬੀਯਾਥਰ ਸੀ, ਬਚ ਨਿਕਲਿਆ ਅਤੇ ਦਾਵੀਦ ਦੇ ਨਾਲ ਰਲਣ ਨੂੰ ਭੱਜ ਗਿਆ।
21ਅਬੀਯਾਥਰ ਨੇ ਦਾਵੀਦ ਨੂੰ ਖ਼ਬਰ ਦਿੱਤੀ ਕਿ ਸ਼ਾਊਲ ਨੇ ਯਾਹਵੇਹ ਦੇ ਜਾਜਕਾਂ ਨੂੰ ਮਾਰ ਦਿੱਤਾ।