1ਸਮੂਏਲ ਦਾ ਬਚਨ ਸਾਰੇ ਇਸਰਾਏਲ ਵਿੱਚ ਫੈਲ ਗਿਆ। ਹੁਣ ਇਸਰਾਏਲੀ ਫ਼ਲਿਸਤੀਆਂ ਨਾਲ ਲੜਨ ਲਈ ਨਿਕਲੇ। ਇਸਰਾਏਲੀਆਂ ਨੇ ਅਬੇਨੇਜ਼ਰ ਵਿੱਚ ਡੇਰੇ ਲਾਏ ਅਤੇ ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ।
2ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੀਆਂ ਫ਼ੌਜਾਂ ਤਾਇਨਾਤ ਕੀਤੀਆਂ ਅਤੇ ਜਿਵੇਂ ਹੀ ਲੜਾਈ ਵੱਧ ਗਈ ਤਾਂ ਇਸਰਾਏਲ ਫ਼ਲਿਸਤੀਆਂ ਦੇ ਹੱਥੋਂ ਹਾਰ ਗਿਆ ਅਤੇ ਉਹਨਾਂ ਵਿੱਚੋਂ ਲਗਭਗ ਚਾਰ ਹਜ਼ਾਰ ਨੂੰ ਯੁੱਧ ਦੇ ਮੈਦਾਨ ਵਿੱਚ ਮਾਰ ਦਿੱਤਾ।
3ਜਦੋਂ ਸਿਪਾਹੀ ਡੇਰੇ ਵਿੱਚ ਮੁੜੇ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, “ਯਾਹਵੇਹ ਨੇ ਅੱਜ ਫ਼ਲਿਸਤੀਆਂ ਦੇ ਅੱਗੇ ਸਾਨੂੰ ਹਾਰ ਕਿਉਂ ਦਿੱਤੀ? ਆਓ ਅਸੀਂ ਸ਼ੀਲੋਹ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਲੈ ਆਈਏ, ਤਾਂ ਜੋ ਉਹ ਸਾਡੇ ਵਿਚਕਾਰ ਹੋ ਕੇ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਬਚਾਵੇ।”
4ਇਸ ਲਈ ਲੋਕਾਂ ਨੇ ਸ਼ੀਲੋਹ ਵਿੱਚ ਆਦਮੀ ਭੇਜੇ ਅਤੇ ਉਹ ਸਰਬਸ਼ਕਤੀਮਾਨ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਵਾਪਸ ਲੈ ਆਏ, ਜੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਨਾਲ ਉੱਥੇ ਸਨ।
5ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆਇਆ, ਤਾਂ ਸਾਰੇ ਇਸਰਾਏਲ ਨੇ ਅਜਿਹਾ ਵੱਡਾ ਜੈਕਾਰਾ ਬੁਲਾਇਆ ਕਿ ਜ਼ਮੀਨ ਹਿੱਲ ਗਈ।