1 ਥੱਸਲੁਨੀਕੀਆਂ 1

1ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ, ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਵਿੱਚ ਥੱਸਲੁਨੀਕੀਆਂ ਸ਼ਹਿਰ ਦੀ ਕਲੀਸਿਆ ਨੂੰ: ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

2ਅਸੀਂ ਲਗਾਤਾਰ ਤੁਹਾਡੇ ਸਾਰਿਆਂ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ।

3ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ਵਰ ਦੇ ਅੱਗੇ ਪ੍ਰਰਾਥਨਾ ਵਿੱਚ ਲਗਾਤਾਰ ਯਾਦ ਕਰਦੇ ਹਾਂ।

4ਹੇ ਭਰਾਵੋ ਅਤੇ ਭੈਣੋ, ਪਰਮੇਸ਼ਵਰ ਦੇ ਪਿਆਰਿਓ, ਕਿਉਂਕਿ ਅਸੀਂ ਜਾਣਦੇ ਹਾਂ, ਕਿ ਉਸ ਨੇ ਤੁਹਾਨੂੰ ਚੁਣਿਆ ਹੋਇਆ ਹੈ,

5ਕਿਉਂਕਿ ਅਸੀਂ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸਿਰਫ ਸ਼ਬਦਾਂ ਨਾਲ ਨਹੀਂ ਬਲਕਿ ਸ਼ਕਤੀ, ਪਵਿੱਤਰ ਆਤਮਾ ਅਤੇ ਪੂਰੇ ਵਿਸ਼ਵਾਸ ਨਾਲ ਕੀਤਾ। ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਲਈ ਤੁਹਾਡੇ ਵਿੱਚ ਕਿਵੇਂ ਰਹੇ।

6ਤੁਸੀਂ ਸਾਡੀ ਅਤੇ ਪ੍ਰਭੂ ਦੀ ਰੀਸ ਕਰਦੇ ਹੋ, ਕਿਉਂਕਿ ਤੁਸੀਂ ਪਵਿੱਤਰ ਆਤਮਾ ਦੁਆਰਾ ਦਿੱਤੀ ਖੁਸ਼ੀ ਦੇ ਨਾਲ ਗੰਭੀਰ ਦੁੱਖਾਂ ਦੇ ਵਿੱਚ ਸੰਦੇਸ਼ ਦਾ ਸਵਾਗਤ ਕੀਤਾ ਹੈ।

7ਅਤੇ ਇਸ ਲਈ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਨਮੂਨਾ ਬਣ ਗਏ।

8ਪ੍ਰਭੂ ਦਾ ਸੰਦੇਸ਼ ਤੁਹਾਡੇ ਦੁਆਰਾ ਸਿਰਫ ਮਕਦੂਨਿਯਾ ਅਤੇ ਅਖਾਯਾ ਵਿੱਚ ਹੀ ਨਹੀਂ ਆਇਆ, ਪਰਮੇਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਹਰ ਜਗ੍ਹਾ ਜਾਣਿਆ ਗਿਆ। ਇਸ ਲਈ ਸਾਨੂੰ ਇਸ ਬਾਰੇ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ,

9ਕਿਉਂਕਿ ਉਹਨਾਂ ਖੁਦ ਸਾਨੂੰ ਦੱਸਿਆ ਕਿ ਤੁਸੀਂ ਸਾਡਾ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਸੀ। ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਵਰ ਦੇ ਵੱਲ ਮੁੜੇ ਕਿ ਜਿਉਂਦੇ ਤੇ ਸੱਚੇ ਪਰਮੇਸ਼ਵਰ ਦੀ ਸੇਵਾ ਕਰੋ।

10ਅਤੇ ਸਵਰਗ ਤੋਂ ਪਰਮੇਸ਼ਵਰ ਦੇ ਪੁੱਤਰ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸ਼ੂ ਨੂੰ, ਜੋ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.