2ਜਦੋਂ ਉਹ ਪਾਤਸ਼ਾਹ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯੇਹੋਅਦਾਨ ਸੀ। ਉਹ ਯੇਰੂਸ਼ਲੇਮ ਦੀ ਸੀ।
3ਉਸਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਪਰ ਫਿਰ ਵੀ ਆਪਣੇ ਪਿਤਾ ਦਾਵੀਦ ਵਾਂਗ ਨਹੀਂ। ਹਰ ਗੱਲ ਵਿੱਚ ਉਹ ਆਪਣੇ ਪਿਤਾ ਯੋਆਸ਼ ਦੀ ਮਿਸਾਲ ਉੱਤੇ ਚੱਲਿਆ।
4ਪਰ ਉੱਚੀਆਂ ਥਾਵਾਂ ਨੂੰ ਨਾ ਢਾਹਿਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ, ਅਤੇ ਧੂਪ ਧੁਖਾਉਂਦੇ ਰਹੇ।
5ਅਜਿਹਾ ਹੋਇਆ ਕਿ ਜਿਵੇਂ ਹੀ ਰਾਜ ਉਸਦੇ ਹੱਥ ਵਿੱਚ ਮਜ਼ਬੂਤ ਹੋ ਗਿਆ, ਉਸਨੇ ਉਹਨਾਂ ਅਧਿਕਾਰੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਸਦੇ ਪਿਤਾ ਰਾਜੇ ਦਾ ਕਤਲ ਕੀਤਾ ਸੀ।
6ਫਿਰ ਵੀ ਉਸਨੇ ਕਾਤਲਾਂ ਦੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ, ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਜਿੱਥੇ ਯਾਹਵੇਹ ਨੇ ਹੁਕਮ ਦਿੱਤਾ ਸੀ, “ਮਾਤਾ-ਪਿਤਾ ਆਪਣੇ ਬੱਚਿਆਂ ਦੀ ਥਾਂ ਨਾ ਮਾਰੇ ਜਾਣ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।”