22ਪਰ ਜੇ ਤੁਸੀਂ ਮੈਨੂੰ ਆਖੋ, “ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਉੱਤੇ ਨਿਰਭਰ ਹਾਂ” ਕੀ ਉਹ ਉਹੀ ਨਹੀਂ ਹੈ ਜਿਸ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਦਿੱਤਾ, ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, “ਤੁਹਾਨੂੰ ਯੇਰੂਸ਼ਲੇਮ ਵਿੱਚ ਇਸ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ?”
23“ ‘ਹੁਣ ਆ, ਮੇਰੇ ਮਾਲਕ ਅੱਸ਼ੂਰ ਦਾ ਰਾਜੇ ਨਾਲ ਸਮਝੌਤਾ ਕਰ। ਮੈਂ ਤੁਹਾਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੋ ਤੁਸੀਂ ਉਹਨਾਂ ਤੇ ਸਵਾਰ ਬਿਠਾ ਸਕੋ!
24ਤੂੰ ਮੇਰੇ ਸੁਆਮੀ ਦੇ ਸਭ ਤੋਂ ਛੋਟੇ ਹਾਕਮਾਂ ਵਿੱਚੋਂ ਇੱਕ ਅਧਿਕਾਰੀ ਨੂੰ ਕਿਵੇਂ ਦੂਰ ਕਰ ਸਕਦਾ ਹੈ, ਭਾਵੇਂ ਤੂੰ ਰਥਾਂ ਅਤੇ ਘੋੜ ਸਵਾਰਾਂ ਲਈ ਮਿਸਰ ਉੱਤੇ ਨਿਰਭਰ ਹੈ?
25ਇਸ ਤੋਂ ਇਲਾਵਾ, ਕੀ ਮੈਂ ਯਾਹਵੇਹ ਤੋਂ ਬਿਨਾਂ ਇਸ ਜਗ੍ਹਾ ਤੇ ਹਮਲਾ ਕਰਨ ਅਤੇ ਤਬਾਹ ਕਰਨ ਆਇਆ ਹਾਂ? ਯਾਹਵੇਹ ਨੇ ਆਪ ਮੈਨੂੰ ਇਸ ਦੇਸ਼ ਦੇ ਵਿਰੁੱਧ ਚੜ੍ਹਾਈ ਕਰਨ ਅਤੇ ਇਸਨੂੰ ਤਬਾਹ ਕਰਨ ਲਈ ਕਿਹਾ ਹੈ।’ ”
26ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਅਤੇ ਸ਼ਬਨਾ ਅਤੇ ਯੋਆਹ ਨੇ ਸੈਨਾਪਤੀ ਨੂੰ ਆਖਿਆ, “ਕਿਰਪਾ ਕਰਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ ਅਸੀਂ ਇਸਨੂੰ ਸਮਝਦੇ ਹਾਂ। ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।”