26ਤਦ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਅਤੇ ਸ਼ਬਨਾ ਅਤੇ ਯੋਆਹ ਨੇ ਸੈਨਾਪਤੀ ਨੂੰ ਆਖਿਆ, “ਕਿਰਪਾ ਕਰਕੇ ਆਪਣੇ ਸੇਵਕਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂਕਿ ਅਸੀਂ ਇਸਨੂੰ ਸਮਝਦੇ ਹਾਂ। ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।”
27ਪਰ ਸੈਨਾਪਤੀ ਨੇ ਉੱਤਰ ਦਿੱਤਾ, “ਕੀ ਮੇਰੇ ਮਾਲਕ ਨੇ ਮੈਨੂੰ ਇਹ ਗੱਲਾਂ ਸਿਰਫ ਤੁਹਾਡੇ ਲਈ ਅਤੇ ਤੁਹਾਡੇ ਮਾਲਕ ਨੂੰ ਕਹਿਣ ਲਈ ਭੇਜਿਆ ਸੀ ਅਤੇ ਇਨ੍ਹਾਂ ਸ਼ਹਿਰਪਨਾਹ ਉੱਤੇ ਬੈਠੇ ਲੋਕਾਂ ਨੂੰ ਨਹੀਂ, ਜਿਨ੍ਹਾਂ ਨੂੰ ਤੁਹਾਡੇ ਨਾਲ, ਆਪਣਾ ਹੀ ਮਲ-ਮੂਤਰ ਖਾਣਾ ਅਤੇ ਪੀਣਾ ਪਵੇਗਾ?”
28ਤਦ ਸੈਨਾਪਤੀ ਨੇ ਖੜ੍ਹਾ ਹੋ ਕੇ ਇਬਰਾਨੀ ਭਾਸ਼ਾ ਵਿੱਚ ਪੁਕਾਰਿਆ, “ਅੱਸ਼ੂਰ ਦੇ ਮਹਾਨ ਰਾਜੇ ਦੀਆਂ ਗੱਲਾਂ ਸੁਣੋ!
29ਰਾਜਾ ਇਹ ਆਖਦਾ ਹੈ, ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ। ਉਹ ਤੁਹਾਨੂੰ ਮੇਰੇ ਹੱਥੋਂ ਬਚਾ ਨਹੀਂ ਸਕਦਾ।
30ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਾਹਵੇਹ ਉੱਤੇ ਤੁਹਾਡਾ ਭਰੋਸਾ ਕਰਾਵੇ, ‘ਕਿ ਯਾਹਵੇਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।’