2ਜਦੋਂ ਉਹ ਪਾਤਸ਼ਾਹ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ।
3ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ।
4ਉਸਨੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ, ਪੱਥਰਾਂ ਨੂੰ ਤੋੜ ਦਿੱਤਾ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਢਾਹ ਦਿੱਤਾ। ਉਸ ਨੇ ਮੋਸ਼ੇਹ ਦੇ ਪਿੱਤਲ ਦੇ ਸੱਪ ਨੂੰ ਟੁਕੜੇ-ਟੁਕੜੇ ਕਰ ਦਿੱਤਾ, ਕਿਉਂਕਿ ਉਸ ਸਮੇਂ ਤੱਕ ਇਸਰਾਏਲੀ ਇਸ ਲਈ ਧੂਪ ਧੁਖਾਉਂਦੇ ਰਹੇ ਸਨ। (ਇਸ ਨੂੰ ਨੇਹੁਸ਼ਤਾਨ ਕਿਹਾ ਜਾਂਦਾ ਸੀ।)
5ਹਿਜ਼ਕੀਯਾਹ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਉੱਤੇ ਭਰੋਸਾ ਰੱਖਿਆ। ਯਹੂਦਾਹ ਦੇ ਸਾਰੇ ਰਾਜਿਆਂ ਵਿੱਚ ਉਸ ਵਰਗਾ ਕੋਈ ਨਹੀਂ ਸੀ, ਨਾ ਉਸ ਤੋਂ ਪਹਿਲਾਂ, ਨਾ ਉਸ ਤੋਂ ਬਾਅਦ।
6ਉਸ ਨੇ ਯਾਹਵੇਹ ਨੂੰ ਫੜੀ ਰੱਖਿਆ ਅਤੇ ਉਸ ਦੇ ਪਿੱਛੇ ਤੁਰਨਾ ਬੰਦ ਨਹੀਂ ਕੀਤਾ; ਉਸਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤੇ ਸਨ।