10ਤਦ ਸ਼ਾਫਾਨ ਮੁਨੀਮ ਨੇ ਪਾਤਸ਼ਾਹ ਨੂੰ ਦੱਸਿਆ ਕਿ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫੜਾਈ ਹੈ ਅਰ ਸ਼ਾਫਾਨ ਨੇ ਉਹ ਨੂੰ ਪਾਤਸ਼ਾਹ ਦੇ ਸਾਹਮਣੇ ਪੜ੍ਹਿਆ।
11ਜਦੋਂ ਰਾਜੇ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ, ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ।
12ਉਸ ਨੇ ਹਿਲਕੀਯਾਹ ਜਾਜਕ ਅਤੇ ਸ਼ਾਫਾਨ ਦੇ ਪੁੱਤਰ ਅਹੀਕਾਮ, ਮੀਕਾਯਾਹ ਦੇ ਪੁੱਤਰ ਅਕਬੋਰ, ਸ਼ਾਫਾਨ ਲਿਖਾਰੀ ਅਤੇ ਰਾਜਾ ਦੇ ਸੇਵਾਦਾਰ ਅਸ਼ਾਯਾਹ ਨੂੰ ਇਹ ਹੁਕਮ ਦਿੱਤਾ:
13“ਜਾਓ ਅਤੇ ਇਸ ਪੋਥੀ ਦੀਆਂ ਗੱਲਾਂ ਦੇ ਬਾਰੇ ਜੋ ਲੱਭੀ ਹੈ ਮੇਰੇ ਅਤੇ ਲੋਕਾਂ ਦੀ ਵੱਲੋਂ ਅਤੇ ਸਾਰੇ ਯਹੂਦਾਹ ਵੱਲੋਂ ਯਾਹਵੇਹ ਤੋਂ ਪੁੱਛੋ ਕਿਉਂ ਜੋ ਯਾਹਵੇਹ ਦਾ ਵੱਡਾ ਕ੍ਰੋਧ ਸਾਡੇ ਉੱਤੇ ਇਸੇ ਲਈ ਭੜਕਿਆ ਹੈ ਕਿਉਂਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੀਆਂ ਗੱਲਾਂ ਨੂੰ ਮੰਨਿਆ ਅਤੇ ਉਨ੍ਹਾਂ ਨੇ ਉਸ ਸਭ ਦੇ ਅਨੁਸਾਰ ਨਹੀਂ ਕੀਤਾ ਜੋ ਇਸ ਵਿੱਚ ਸਾਡੇ ਬਾਰੇ ਲਿਖਿਆ ਗਿਆ ਹੈ।”
14ਸੋ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫਾਨ ਅਤੇ ਅਸ਼ਾਯਾਹ ਹੁਲਦਾਹ ਨਬੀਆਂ ਦੇ ਕੋਲ ਗਏ ਜੋ ਉਸ ਸ਼ੱਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਰਾ ਸੀ, ਜੋ ਬਸਤਰਾਂ ਦਾ ਰੱਖਵਾਲਾ ਸੀ। ਉਹ ਯੇਰੂਸ਼ਲੇਮ ਵਿੱਚ ਮਿਸ਼ਨਹ ਨਾਮੀ ਮੁਹੱਲੇ ਵਿੱਚ ਵੱਸਦੀ ਸੀ ਅਤੇ ਉਹਨਾਂ ਨੇ ਉਹ ਦੇ ਨਾਲ ਗੱਲ ਬਾਤ ਕੀਤੀ।