16ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਵਿੱਚ, ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਰਾਜਾ ਸੀ, ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਨੇ ਯਹੂਦਾਹ ਦੇ ਰਾਜੇ ਵਜੋਂ ਆਪਣਾ ਰਾਜ ਸ਼ੁਰੂ ਕੀਤਾ।
17ਜਦੋਂ ਉਹ ਰਾਜਾ ਬਣਿਆ ਤਾਂ ਉਹ ਬੱਤੀ ਸਾਲਾਂ ਦਾ ਸੀ ਅਤੇ ਉਸਨੇ ਯੇਰੂਸ਼ਲੇਮ ਵਿੱਚ ਅੱਠ ਸਾਲ ਰਾਜ ਕੀਤਾ।
18ਉਹ ਇਸਰਾਏਲ ਦੇ ਰਾਜਿਆਂ ਦੇ ਰਾਹਾਂ ਉੱਤੇ ਚੱਲਿਆ, ਜਿਵੇਂ ਅਹਾਬ ਦੇ ਘਰਾਣੇ ਨੇ ਕੀਤਾ ਸੀ ਕਿਉਂਕਿ ਉਸਨੇ ਅਹਾਬ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ। ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।
19ਫਿਰ ਵੀ ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਯਾਹਵੇਹ ਨੇ ਯਹੂਦਾਹ ਨੂੰ ਨਾਸ ਕਰਨਾ ਨਾ ਚਾਹਿਆ। ਉਸ ਨੇ ਦਾਵੀਦ ਅਤੇ ਉਸ ਦੀ ਵੰਸ਼ ਨਾਲ ਸਦਾ ਲਈ ਇੱਕ ਚਰਾਗ ਜਗਾਈ ਰੱਖਣ ਦਾ ਵਾਅਦਾ ਕੀਤਾ ਸੀ।
20ਯਹੋਰਾਮ ਦੇ ਸਮੇਂ ਵਿੱਚ, ਅਦੋਮ ਨੇ ਯਹੂਦਾਹ ਦੇ ਵਿਰੁੱਧ ਬਗਾਵਤ ਕੀਤੀ ਅਤੇ ਆਪਣਾ ਰਾਜਾ ਸਥਾਪਿਤ ਕੀਤਾ।