4ਕੀ ਉਹ ਜ਼ਮੀਨ ਵੇਚਣ ਤੋਂ ਪਹਿਲਾਂ ਤੁਹਾਡੀ ਨਹੀਂ ਸੀ? ਅਤੇ ਇਸ ਨੂੰ ਵੇਚਣ ਤੋਂ ਬਾਅਦ, ਕੀ ਤੁਹਾਡੇ ਕੋਲ ਪੈਸੇ ਨਹੀਂ ਸਨ? ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਸੋਚਣ ਲਈ ਮਜ਼ਬੂਰ ਕੀਤਾ? ਤੁਸੀਂ ਕੇਵਲ ਇਨਸਾਨਾਂ ਨਾਲ ਨਹੀਂ, ਪਰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ।”
5ਜਦੋਂ ਹਨਾਨਿਯਾਹ ਨੇ ਇਹ ਗੱਲਾਂ ਸੁਣੀਆਂ, ਤਾਂ ਉਹ ਡਿੱਗ ਪਿਆ ਅਤੇ ਮਰ ਗਿਆ। ਅਤੇ ਜਿਨ੍ਹਾਂ ਨੇ ਵੀ ਸੁਣਿਆ ਉਹਨਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ।
6ਅਤੇ ਕੁਝ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ, ਅਤੇ ਬਾਹਰ ਲੈ ਜਾ ਕੇ ਦਫਨਾ ਦਿੱਤਾ।
7ਤਕਰੀਬਨ ਤਿੰਨ ਘੰਟੇ ਬਾਅਦ ਉਸ ਦੀ ਪਤਨੀ ਕਮਰੇ ਅੰਦਰ ਆਈ ਜਿਸ ਵਿੱਚ ਪਤਰਸ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਉੱਥੇ ਕਿ ਵਾਪਰਿਆ ਸੀ।
8ਪਤਰਸ ਨੇ ਉਸ ਨੂੰ ਪੁੱਛਿਆ, ਮੈਨੂੰ ਦੱਸੋ, ਕੀ ਤੁਸੀਂ ਅਤੇ ਹਨਾਨਿਯਾਹ ਨੇ ਉਹ ਖੇਤ ਐਨੇ ਹੀ ਪੈਸੇ ਵਿੱਚ ਵੇਚਿਆ ਹੈ? ਉਸ ਦੀ ਪਤਨੀ ਨੇ ਜਵਾਬ ਦਿੱਤਾ, “ਹਾਂ, ਐਨੇ ਹੀ ਪੈਸੇ ਵਿੱਚ ਵੇਚਿਆ ਹੈ।”