34ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ,” ਯਿਸ਼ੂ ਮਸੀਹ ਤੁਹਾਨੂੰ ਚੰਗਾ ਕਰਦਾ ਹੈ। “ਉੱਠ ਅਤੇ ਆਪਣੀ ਬਿਸਤਰੇ ਨੂੰ ਵਲ੍ਹੇਟ।” ਅਤੇ ਉਹ ਉਸੇ ਵੇਲੇ ਉੱਠ ਖੜ੍ਹਾ ਹੋਇਆ।
35ਤਾਂ ਲੁੱਦਾ ਅਤੇ ਸ਼ਰੋਨ ਦੇ ਸਾਰੇ ਕਸਬੇ ਦੇ ਵਾਸੀਆਂ ਨੇ ਉਸ ਨੂੰ ਵੇਖਿਆ ਅਤੇ ਪ੍ਰਭੂ ਦੀ ਵੱਲ ਫਿਰੇ।
36ਯਾਪਾ ਵਿੱਚ ਤਬਿਥਾ ਨਾਮ ਦੀ ਇੱਕ ਚੇਲੀ ਸੀ ਯੂਨਾਨੀ ਵਿੱਚ ਉਸ ਦਾ ਨਾਮ ਡੌਰਕਸ ਸੀ; ਉਹ ਹਮੇਸ਼ਾ ਚੰਗੇ ਕੰਮ ਕਰਦੀ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਲੱਗੀ ਰਹਿੰਦੀ ਸੀ।
37ਤਕਰੀਬਨ ਉਸੇ ਸਮੇਂ ਦੌਰਾਨ ਉਹ ਬਿਮਾਰ ਹੋ ਗਈ ਅਤੇ ਮਰ ਗਈ, ਅਤੇ ਉਸ ਦੇ ਸਰੀਰ ਨੂੰ ਧੋ ਦਿੱਤਾ ਗਿਆ ਅਤੇ ਉੱਪਰਲੇ ਕਮਰੇ ਵਿੱਚ ਰੱਖਿਆ ਗਿਆ।
38ਲੁੱਦਾ ਯਾਪਾ ਦੇ ਨੇੜੇ ਸੀ, ਇਸ ਲਈ ਜਦੋਂ ਨਿਹਚਾਵਾਨਾਂ ਨੇ ਸੁਣਿਆ ਕਿ ਪਤਰਸ ਅਜੇ ਲੁੱਦਾ ਵਿੱਚ ਹੈ, ਤਾਂ ਉਨ੍ਹਾਂ ਨੇ ਪਤਰਸ ਕੋਲ ਦੋ ਆਦਮੀ ਭੇਜੇ। ਜਦੋਂ ਉਹ ਪਹੁੰਚੇ ਜਿੱਥੇ ਪਤਰਸ ਸੀ, ਉਨ੍ਹਾਂ ਨੇ ਵਾਰ-ਵਾਰ ਬੇਨਤੀ ਕੀਤੀ, “ਕਿਰਪਾ ਕਰਕੇ ਹੁਣੇ ਸਾਡੇ ਨਾਲ ਯਾਪਾ ਆਉ!”