13ਤਦ ਦਾਨੀਏਲ ਰਾਜੇ ਦੇ ਅੱਗੇ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਏਲ ਨੂੰ ਇਸ ਤਰ੍ਹਾਂ ਆਖਿਆ, “ਕੀ ਤੂੰ ਉਹੀ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਹਨਾਂ ਨੂੰ ਮੇਰਾ ਪਿਤਾ ਯਹੂਦਾਹ ਤੋਂ ਲਿਆਇਆ ਸੀ?
14ਮੈਂ ਸੁਣਿਆ ਹੈ ਕਿ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ ਅਤੇ ਤੇਰੇ ਕੋਲ ਚਾਨਣ, ਸਮਝ ਅਤੇ ਚੰਗੀ ਬੁੱਧ ਹੈ।
15ਇਸ ਲਿਖਤ ਨੂੰ ਪੜ੍ਹਨ ਅਤੇ ਇਸ ਦਾ ਅਰਥ ਦੱਸਣ ਲਈ ਮੇਰੇ ਅੱਗੇ ਸਿਆਣੇ ਬੰਦਿਆਂ ਅਤੇ ਜਾਦੂਗਰਾਂ ਨੂੰ ਲਿਆਂਦਾ ਗਿਆ, ਪਰ ਉਹ ਇਸ ਦੀ ਵਿਆਖਿਆ ਨਹੀਂ ਕਰ ਸਕੇ।
16ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹ ਦਾ ਅਰਥ ਮੈਨੂੰ ਦੱਸੇ ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਤੇਰੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਗਾ।”
17ਤਦ ਦਾਨੀਏਲ ਨੇ ਰਾਜੇ ਨੂੰ ਉੱਤਰ ਦਿੱਤਾ, “ਤੁਸੀਂ ਆਪਣੇ ਤੋਹਫ਼ੇ ਆਪਣੇ ਲਈ ਰੱਖ ਸਕਦੇ ਹੋ ਅਤੇ ਆਪਣਾ ਇਨਾਮ ਕਿਸੇ ਹੋਰ ਨੂੰ ਦੇ ਸਕਦੇ ਹੋ। ਫਿਰ ਵੀ, ਮੈਂ ਰਾਜੇ ਲਈ ਲਿਖਤ ਪੜ੍ਹਾਂਗਾ ਅਤੇ ਉਸਨੂੰ ਦੱਸਾਂਗਾ ਕਿ ਇਸਦਾ ਕੀ ਅਰਥ ਹੈ।