5ਜੇਕਰ ਤੁਸੀਂ ਪੂਰੀ ਤਰ੍ਹਾਂ ਆਗਿਆਕਾਰੀ ਰਹੋ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ।
6ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇਗਾ ਜਿਵੇਂ ਉਸਨੇ ਵਾਅਦਾ ਕੀਤਾ ਹੈ ਅਤੇ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਵੋਗੇ ਪਰ ਕਿਸੇ ਤੋਂ ਕਰਜ਼ ਨਹੀਂ ਲਓਗੇ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਗੇ, ਪਰ ਕੋਈ ਵੀ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ।
7ਜੇਕਰ ਤੁਹਾਡੇ ਨਾਲ ਦੇ ਇਸਰਾਏਲੀਆਂ ਵਿੱਚੋਂ ਕੋਈ ਉਸ ਦੇਸ਼ ਦੇ ਕਿਸੇ ਵੀ ਕਸਬੇ ਵਿੱਚ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ ਤੁਹਾਡੇ ਭਰਾਵਾਂ ਵਿੱਚੋਂ ਗ਼ਰੀਬ ਹੈ, ਤਾਂ ਤੁਸੀਂ ਉਹਨਾਂ ਨਾਲ ਕਠੋਰ ਦਿਲ ਨਾ ਹੋਵੋ ਅਤੇ ਨਾ ਹੀ ਤੰਗ ਹੋਵੋ।
8ਇਸ ਦੀ ਬਜਾਏ, ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਜੋ ਵੀ ਚਾਹੀਦਾ ਹੈ ਉਧਾਰ ਦਿਓ।
9ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਾਹਵੇਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ।