21ਤਾਂ ਉਸ ਨੂੰ ਉਸ ਦੇ ਪਿਤਾ ਦੇ ਘਰ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ ਅਤੇ ਉੱਥੇ ਉਸ ਦੇ ਨਗਰ ਦੇ ਪੁਰਖ ਉਸ ਨੂੰ ਪੱਥਰਾਂ ਨਾਲ ਮਾਰ ਸੁੱਟਣ ਕਿਉਂਕਿ ਉਸਨੇ ਆਪਣੇ ਪਿਤਾ ਦੇ ਘਰ ਵਿੱਚ ਵਿਭਚਾਰ ਕਰਕੇ ਇਸਰਾਏਲ ਵਿੱਚ ਅਜਿਹਾ ਕੰਮ ਕੀਤਾ ਹੈ। ਇਸ ਤਰ੍ਹਾਂ ਤੁਸੀਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦਿਓ।
22ਜੇਕਰ ਕੋਈ ਆਦਮੀ ਕਿਸੇ ਦੂਜੇ ਆਦਮੀ ਦੀ ਪਤਨੀ ਨਾਲ ਸੁੱਤਾ ਹੋਇਆ ਪਾਇਆ ਜਾਵੇ, ਤਾਂ ਉਸ ਆਦਮੀ ਅਤੇ ਔਰਤ ਦੋਵਾਂ ਨੂੰ ਮਾਰ ਦਿੱਤਾ ਜਾਵੇ। ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰ ਦੇਣਾ।
23ਜੇਕਰ ਕਿਸੇ ਕੁਆਰੀ ਕੁੜੀ ਦੀ ਕਿਸੇ ਪੁਰਖ ਨਾਲ ਮੰਗਣੀ ਹੋਈ ਹੋਵੇ ਅਤੇ ਕੋਈ ਹੋਰ ਪੁਰਖ ਉਸ ਨੂੰ ਸ਼ਹਿਰ ਵਿੱਚ ਪਾ ਕੇ ਉਸ ਨਾਲ ਸੰਗ ਕਰੇ।
24ਤੁਸੀਂ ਉਹਨਾਂ ਦੋਹਾਂ ਨੂੰ ਉਸ ਨਗਰ ਦੇ ਫਾਟਕ ਉੱਤੇ ਲੈ ਜਾਓ ਅਤੇ ਉਹਨਾਂ ਨੂੰ ਪੱਥਰਾਂ ਨਾਲ ਮਾਰ ਦਿਓ, ਔਰਤ ਦੋਸ਼ੀ ਹੈ ਕਿਉਂਕਿ ਉਸਨੇ ਸ਼ਹਿਰ ਵਿੱਚ ਹੁੰਦੇ ਹੋਏ ਵੀ ਮਦਦ ਲਈ ਚੀਕਾਂ ਨਹੀਂ ਮਾਰੀਆਂ ਅਤੇ ਉਸ ਆਦਮੀ ਨੂੰ ਇਸ ਕਾਰਨ ਮਾਰ ਦੇਣਾ ਚਾਹੀਦਾ ਹੈ ਕਿ ਉਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਛੇੜਛਾੜ ਕੀਤੀ ਹੈ। ਇਸ ਤਰ੍ਹਾਂ ਅਜਿਹੀ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਸੁੱਟੋ।
25ਪਰ ਜੇਕਰ ਕੋਈ ਪੁਰਖ ਕਿਸੇ ਕੁੜੀ ਨੂੰ ਜਿਸ ਦੀ ਮੰਗਣੀ ਹੋ ਚੁੱਕੀ ਹੈ, ਖੇਤ ਵਿੱਚ ਪਾਵੇ ਅਤੇ ਜ਼ਬਰਦਸਤੀ ਉਸ ਨਾਲ ਸੰਗ ਕਰੇ, ਤਾਂ ਸਿਰਫ ਉਹ ਮਨੁੱਖ ਹੀ ਮਾਰਿਆ ਜਾਵੇ ਜਿਸ ਨੇ ਉਸ ਨਾਲ ਜ਼ਬਰਦਸਤੀ ਕੀਤੀ ਹੈ।