20ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।
21ਤੂੰ ਆਪਣੇ ਗੁਆਂਢੀ ਦੀ ਪਤਨੀ ਦਾ ਲਾਲਚ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਜਾਂ ਜ਼ਮੀਨ, ਉਸ ਦੇ ਨੌਕਰ ਜਾਂ ਨੌਕਰਾਨੀ, ਉਸ ਦੇ ਬਲਦ ਜਾਂ ਗਧੇ ਜਾਂ ਤੂੰ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰਨਾ।”
22ਇਹ ਉਹ ਹੁਕਮ ਹਨ ਜੋ ਯਾਹਵੇਹ ਨੇ ਤੁਹਾਡੀ ਸਾਰੀ ਸਭਾ ਨੂੰ ਉੱਥੇ ਅੱਗ, ਬੱਦਲ ਅਤੇ ਕਾਲੀਆਂ ਘਟਾਂ ਦੇ ਵਿੱਚੋਂ ਪਹਾੜ ਉੱਤੇ ਉੱਚੀ ਆਵਾਜ਼ ਨਾਲ ਆਖੇ ਸਨ ਅਤੇ ਹੋਰ ਕੁਝ ਨਾ ਆਖਿਆ ਪਰ ਉਸ ਨੇ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਕੇ ਮੈਨੂੰ ਦੇ ਦਿੱਤਾ।
23ਜਦੋਂ ਤੁਸੀਂ ਹਨੇਰੇ ਵਿੱਚੋਂ ਆਵਾਜ਼ ਸੁਣੀ, ਜਦੋਂ ਪਹਾੜ ਅੱਗ ਨਾਲ ਬਲ ਰਿਹਾ ਸੀ, ਤਾਂ ਤੁਹਾਡੇ ਸਾਰੇ ਗੋਤਾਂ ਦੇ ਆਗੂ ਅਤੇ ਤੁਹਾਡੇ ਬਜ਼ੁਰਗ ਮੇਰੇ ਕੋਲ ਆਏ।
24ਅਤੇ ਤੁਸੀਂ ਕਿਹਾ ਸੀ, “ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਵਿਖਾਈ ਹੈ, ਅਤੇ ਅਸੀਂ ਅੱਗ ਵਿੱਚੋਂ ਉਸਦੀ ਆਵਾਜ਼ ਸੁਣੀ ਹੈ। ਅੱਜ ਅਸੀਂ ਦੇਖਿਆ ਹੈ ਕਿ ਜੇਕਰ ਕੋਈ ਵਿਅਕਤੀ ਪਰਮੇਸ਼ਵਰ ਨਾਲ ਗੱਲ ਕਰਦਾ ਹੈ ਤਾਂ ਵੀ ਉਹ ਜਿਉਂਦਾ ਰਹਿੰਦਾ ਹੈ।