9ਹੇਗਈ ਨੂੰ ਏਸਤੇਰ ਚੰਗੀ ਲੱਗੀ, ਅਤੇ ਉਹ ਉਸ ਤੋਂ ਖੁਸ਼ ਹੋਇਆ, ਤਦ ਉਸ ਨੇ ਛੇਤੀ ਨਾਲ ਉਸ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਅਤੇ ਰੋਜ਼ ਦਾ ਭੋਜਨ ਅਤੇ ਨਾਲ ਹੀ ਰਾਜਾ ਦੇ ਮਹਿਲ ਵਿੱਚੋਂ ਚੁਣ ਕੇ ਸੱਤ ਸਹੇਲੀਆਂ ਵੀ ਉਸ ਨੂੰ ਦਿੱਤੀਆਂ ਅਤੇ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਸਭ ਤੋਂ ਚੰਗਾ ਸਥਾਨ ਰਹਿਣ ਲਈ ਦਿੱਤਾ।
10ਏਸਤੇਰ ਨੇ ਆਪਣੀ ਜਾਤੀ ਅਤੇ ਪਰਿਵਾਰਕ ਪਿਛੋਕੜ ਦਾ ਖੁਲਾਸਾ ਨਹੀਂ ਕੀਤਾ ਸੀ ਕਿਉਂਕਿ ਮਾਰਦਕਈ ਨੇ ਉਸ ਨੂੰ ਅਜਿਹਾ ਦੱਸਣ ਤੋਂ ਮਨ੍ਹਾ ਕੀਤਾ ਸੀ।
11ਮਾਰਦਕਈ ਹਰ ਰੋਜ਼ ਹਰਮ ਦੇ ਵਿਹੜੇ ਦੇ ਕੋਲ ਅੱਗੇ-ਪਿੱਛੇ ਇਹ ਜਾਣਨ ਲਈ ਜਾਂਦਾ ਸੀ ਕਿ ਏਸਤੇਰ ਕਿਵੇਂ ਹੈ ਅਤੇ ਉਸ ਨਾਲ ਕੀ ਹੋ ਰਿਹਾ ਹੈ।
12ਇਸ ਤੋਂ ਪਹਿਲਾਂ ਕਿ ਹਰੇਕ ਕੁਆਰੀ ਆਪਣੀ ਵਾਰੀ ਅਨੁਸਾਰ ਅਹਸ਼ਵੇਰੋਸ਼ ਰਾਜਾ ਦੇ ਕੋਲ ਜਾਵੇ, ਉਸ ਨੂੰ ਇਸਤਰੀਆਂ ਦੇ ਲਈ ਬਣਾਏ ਹੋਏ ਨਿਯਮ ਦੇ ਅਨੁਸਾਰ ਬਾਰਾਂ ਮਹੀਨਿਆਂ ਤੱਕ ਸੁੰਦਰਤਾ ਵਧਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਸੀ, ਕਿਉਂ ਜੋ ਐਨਾ ਸਮਾਂ ਉਨ੍ਹਾਂ ਨੂੰ ਸ਼ੁੱਧ ਕਰਨ ਵਿੱਚ ਲੱਗ ਜਾਂਦਾ ਸੀ ਅਰਥਾਤ ਛੇ ਮਹੀਨੇ ਤੱਕ ਗੰਧਰਸ ਦਾ ਤੇਲ ਮਲਿਆ ਜਾਂਦਾ ਸੀ, ਅਤੇ ਛੇ ਮਹੀਨੇ ਅਤਰ ਅਤੇ ਇਸਤਰੀਆਂ ਨੂੰ ਸੁੰਦਰ ਬਣਾਉਣ ਲਈ ਹੋਰ ਚੀਜ਼ਾਂ ਮਲੀਆਂ ਜਾਂਦੀਆਂ ਸਨ।
13ਇਸ ਤਰ੍ਹਾਂ ਜਦ ਉਹ ਕੁਆਰੀ ਰਾਜਾ ਦੇ ਕੋਲ ਜਾਂਦੀ ਸੀ, ਤਦ ਜੋ ਵੀ ਚੀਜ਼ ਉਹ ਚਾਹੁੰਦੀ ਸੀ ਕਿ ਰਾਣੀਆਂ ਦੇ ਨਿਵਾਸ ਤੋਂ ਰਾਜਾ ਦੇ ਮਹਿਲ ਨੂੰ ਲੈ ਜਾਵੇ, ਉਹ ਉਸ ਨੂੰ ਦਿੱਤੀ ਜਾਂਦੀ ਸੀ।