1ਇਹਨਾਂ ਘਟਨਾਵਾਂ ਤੋਂ ਬਾਅਦ, ਰਾਜਾ ਅਹਸ਼ਵੇਰੋਸ਼ ਨੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਉੱਚੀ ਪਦਵੀ ਦੇ ਦਿੱਤੀ ਅਤੇ ਉਸ ਨੂੰ ਆਦਰ ਦਿੰਦੇ ਹੋਏ ਉਸ ਦਾ ਸਿੰਘਾਸਣ ਉਸ ਦੇ ਨਾਲ ਦੇ ਸਾਰੇ ਹਾਕਮਾਂ ਦੇ ਸਿੰਘਾਸਣਾਂ ਨਾਲੋਂ ਉੱਚਾ ਕਰ ਦਿੱਤਾ।
2ਰਾਜੇ ਦੇ ਦਰਵਾਜ਼ੇ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੇ ਗੋਡੇ ਟੇਕ ਕੇ ਹਾਮਾਨ ਦਾ ਆਦਰ ਕੀਤਾ ਕਿਉਂ ਜੋ ਰਾਜੇ ਨੇ ਉਹ ਦੇ ਵਿਖੇ ਇਹ ਹੁਕਮ ਦਿੱਤਾ ਸੀ, ਪਰ ਮਾਰਦਕਈ ਨੇ ਗੋਡੇ ਟੇਕ ਕੇ ਉਸ ਦਾ ਆਦਰ ਨਹੀਂ ਕੀਤਾ।
3ਤਦ ਰਾਜੇ ਦੇ ਦਰਵਾਜ਼ੇ ਉੱਤੇ ਸ਼ਾਹੀ ਅਧਿਕਾਰੀਆਂ ਨੇ ਮਾਰਦਕਈ ਨੂੰ ਪੁੱਛਿਆ, “ਤੂੰ ਰਾਜੇ ਦੇ ਹੁਕਮ ਦੀ ਉਲੰਘਣਾ ਕਿਉਂ ਕਰਦਾ ਹੈ?”
4ਫਿਰ ਅਜਿਹਾ ਹੋਇਆ ਕਿ ਜਦ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਕਹਿੰਦੇ ਰਹੇ ਅਤੇ ਮਾਰਦਕਈ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸ ਦਿੱਤਾ, ਇਹ ਵੇਖਣ ਲਈ ਕਿ ਮਾਰਦਕਈ ਦੀ ਇਹ ਗੱਲ ਚੱਲੇਗੀ ਕਿ ਨਹੀਂ ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ।