17ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।”
18ਯਾਹਵੇਹ ਪਰਮੇਸ਼ਵਰ ਨੇ ਆਖਿਆ, “ਮਨੁੱਖ ਦਾ ਇਕੱਲਾ ਰਹਿਣਾ ਚੰਗਾ ਨਹੀਂ, ਇਸ ਲਈ ਮੈਂ ਉਸ ਲਈ ਉਸ ਵਰਗੀ ਯੋਗ ਸਹਾਇਕਣ ਬਣਾਵਾਂਗਾ।”
19ਹੁਣ ਯਾਹਵੇਹ ਪਰਮੇਸ਼ਵਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਹਨਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ।
20ਇਸ ਤਰ੍ਹਾਂ ਮਨੁੱਖ ਨੇ ਸਾਰੇ ਪਸ਼ੂਆਂ ਦੇ, ਅਕਾਸ਼ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਰੱਖੇ। ਪਰ ਆਦਮ ਲਈ ਕੋਈ ਯੋਗ ਸਹਾਇਕ ਨਹੀਂ ਮਿਲਿਆ।
21ਇਸ ਲਈ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਗੂੜੀ ਨੀਂਦ ਵਿੱਚ ਪਾ ਦਿੱਤਾ, ਜਦੋਂ ਉਹ ਸੌਂ ਰਿਹਾ ਸੀ ਪਰਮੇਸ਼ਵਰ ਨੇ ਮਨੁੱਖ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਸਦੀ ਥਾਂ ਮਾਸ ਭਰ ਦਿੱਤਾ।