16ਯਹੂਦਾਹ ਨੇ ਜਵਾਬ ਦਿੱਤਾ, “ਅਸੀਂ ਆਪਣੇ ਮਾਲਕ ਨੂੰ ਕੀ ਆਖੀਏ? ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਆਪਣੀ ਬੇਗੁਨਾਹੀ ਕਿਵੇਂ ਸਾਬਤ ਕਰ ਸਕਦੇ ਹਾਂ? ਪਰਮੇਸ਼ਵਰ ਨੇ ਤੁਹਾਡੇ ਸੇਵਕਾਂ ਦੇ ਦੋਸ਼ ਨੂੰ ਉਜਾਗਰ ਕੀਤਾ ਹੈ। ਅਸੀਂ ਹੁਣ ਮੇਰੇ ਮਾਲਕ ਦੇ ਦਾਸ ਹਾਂ ਅਸੀਂ ਖੁਦ ਅਤੇ ਉਹ ਵੀ ਜਿਸ ਕੋਲ ਪਿਆਲਾ ਪਾਇਆ ਗਿਆ ਸੀ।”
17ਪਰ ਯੋਸੇਫ਼ ਨੇ ਆਖਿਆ, “ਅਜਿਹਾ ਕਰਨਾ ਮੇਰੇ ਤੋਂ ਦੂਰ ਰਹੇ! ਸਿਰਫ ਉਹੀ ਬੰਦਾ ਜਿਸ ਕੋਲ ਪਿਆਲਾ ਪਾਇਆ ਗਿਆ ਸੀ, ਉਹੀ ਮੇਰਾ ਗੁਲਾਮ ਬਣ ਜਾਵੇਗਾ। ਬਾਕੀ ਤੁਸੀਂ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਵਾਪਸ ਚਲੇ ਜਾਓ।”
18ਤਦ ਯਹੂਦਾਹ ਨੇ ਉਹ ਦੇ ਕੋਲ ਜਾ ਕੇ ਆਖਿਆ, “ਆਪਣੇ ਦਾਸ ਨੂੰ ਮਾਫ਼ ਕਰੋ, ਹੇ ਮੇਰੇ ਮਾਲਕ, ਮੈਨੂੰ ਆਪਣੇ ਮਾਲਕ ਨੂੰ ਇੱਕ ਗੱਲ ਕਹਿਣ ਦਿਓ ਅਤੇ ਆਪਣੇ ਸੇਵਕ ਉੱਤੇ ਗੁੱਸਾ ਨਾ ਕਰ, ਭਾਵੇਂ ਤੂੰ ਆਪ ਫ਼ਿਰਾਊਨ ਦੇ ਬਰਾਬਰ ਹੈ।
19ਮੇਰੇ ਮਾਲਕ ਨੇ ਆਪਣੇ ਸੇਵਕਾਂ ਨੂੰ ਪੁੱਛਿਆ, ‘ਕੀ ਤੁਹਾਡਾ ਕੋਈ ਪਿਤਾ ਜਾਂ ਭਰਾ ਹੈ?’
20ਅਤੇ ਅਸੀਂ ਉੱਤਰ ਦਿੱਤਾ, ‘ਸਾਡਾ ਇੱਕ ਬਜ਼ੁਰਗ ਪਿਤਾ ਹੈ ਅਤੇ ਬੁਢਾਪੇ ਵਿੱਚ ਉਸ ਦੇ ਘਰ ਇੱਕ ਜਵਾਨ ਪੁੱਤਰ ਨੇ ਜਨਮ ਲਿਆ ਹੈ। ਉਸਦਾ ਭਰਾ ਮਰ ਗਿਆ ਹੈ, ਅਤੇ ਉਸਦੀ ਮਾਂ ਦੇ ਪੁੱਤਰਾਂ ਵਿੱਚੋਂ ਇੱਕਲੌਤਾ ਬਚਿਆ ਹੈ, ਅਤੇ ਉਸਦਾ ਪਿਤਾ ਉਸਨੂੰ ਪਿਆਰ ਕਰਦਾ ਹੈ।’