26ਇਸ ਲਈ ਯੋਸੇਫ਼ ਨੇ ਮਿਸਰ ਵਿੱਚ ਜ਼ਮੀਨ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣਾਇਆ ਜੋ ਅੱਜ ਵੀ ਲਾਗੂ ਹੈ, ਕਿ ਉਪਜ ਦਾ ਪੰਜਵਾਂ ਹਿੱਸਾ ਫ਼ਿਰਾਊਨ ਦਾ ਹੈ। ਪਰ ਸਿਰਫ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਉਹ ਫ਼ਿਰਾਊਨ ਦੀ ਨਹੀਂ ਹੋਈ।
27ਹੁਣ ਇਸਰਾਏਲੀ ਮਿਸਰ ਵਿੱਚ ਗੋਸ਼ੇਨ ਦੇ ਇਲਾਕੇ ਵਿੱਚ ਵੱਸ ਗਏ। ਉਹਨਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਫਲਦਾਇਕ ਸਨ ਅਤੇ ਗਿਣਤੀ ਵਿੱਚ ਬਹੁਤ ਵਾਧਾ ਹੋਇਆ।
28ਯਾਕੋਬ ਮਿਸਰ ਵਿੱਚ ਸਤਾਰਾਂ ਸਾਲ ਰਿਹਾ ਅਤੇ ਉਸ ਦੀ ਉਮਰ ਇੱਕ ਸੌ ਸੰਤਾਲੀ ਸਾਲ ਸੀ।
29ਜਦੋਂ ਇਸਰਾਏਲ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰ ਯੋਸੇਫ਼ ਨੂੰ ਸੱਦ ਕੇ ਉਹ ਨੂੰ ਆਖਿਆ, “ਜੇ ਮੈਂ ਤੇਰੀ ਨਿਗਾਹ ਵਿੱਚ ਮਿਹਰਬਾਨੀ ਪਾਈ ਹੈ ਤਾਂ ਆਪਣਾ ਹੱਥ ਮੇਰੇ ਪੱਟ ਦੇ ਹੇਠਾਂ ਰੱਖ ਅਤੇ ਵਾਅਦਾ ਕਰ ਕਿ ਤੂੰ ਮੇਰੇ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਵੇਂਗਾ। ਮੈਨੂੰ ਮਿਸਰ ਵਿੱਚ ਨਾ ਦਫ਼ਨਾਓ,
30ਪਰ ਜਦੋਂ ਮੈਂ ਆਪਣੇ ਪਿਉ-ਦਾਦਿਆਂ ਨਾਲ ਮਿਲ ਜਾਵਾਂ, ਤਾਂ ਮੈਨੂੰ ਮਿਸਰ ਵਿੱਚੋਂ ਬਾਹਰ ਲੈ ਜਾਵੀ ਅਤੇ ਜਿੱਥੇ ਉਹ ਦੱਬੇ ਹੋਏ ਹਨ, ਉੱਥੇ ਮੈਨੂੰ ਦਫ਼ਨਾਓ।” ਯੋਸੇਫ਼ ਨੇ ਕਿਹਾ, “ਮੈਂ ਉਹੀ ਕਰਾਂਗਾ ਜੋ ਤੁਸੀਂ ਕਹੋਗੇ।”