2ਹੇ ਯਾਹਵੇਹ, ਮੈਂ ਕਿੰਨਾ ਚਿਰ ਸਹਾਇਤਾ ਲਈ ਪੁਕਾਰਾਂ, ਪਰ ਤੂੰ ਨਹੀਂ ਸੁਣੇਗਾ? ਜਾਂ ਮੈਂ ਕਦ ਤੱਕ ਤੇਰੇ ਅੱਗੇ “ਜ਼ੁਲਮ, ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ?
3ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਿਵਾਦ ਉੱਠਦੇ ਹਨ।
4ਇਸ ਲਈ ਬਿਵਸਥਾ ਢਿੱਲੀ ਹੋ ਜਾਂਦੀ ਹੈ, ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ, ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ, ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ।
5“ਕੌਮਾਂ ਵੱਲ ਵੇਖੋ ਅਤੇ ਧਿਆਨ ਕਰੋ, ਅਤੇ ਪੂਰੀ ਤਰ੍ਹਾਂ ਹੈਰਾਨ ਹੋਵੋ। ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਭਾਵੇਂ ਇਹ ਗੱਲ ਤੁਹਾਨੂੰ ਦੱਸ ਦਿੱਤੀ ਜਾਵੇ, ਤੁਸੀਂ ਫਿਰ ਵੀ ਇਸ ਤੇ ਵਿਸ਼ਵਾਸ ਨਹੀਂ ਕਰੋਗੇ।
6ਮੈਂ ਕਸਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ, ਉਸ ਬੇਰਹਿਮ ਅਤੇ ਨਿਰਦਈ ਲੋਕਾਂ ਨੂੰ, ਜੋ ਸਾਰੀ ਧਰਤੀ ਉੱਤੇ ਹੂੰਝਾ ਫੇਰਦੇ ਹਨ, ਉਨ੍ਹਾਂ ਘਰਾਂ ਨੂੰ ਖੋਹਣ ਜਿਹੜੇ ਉਨ੍ਹਾਂ ਦੇ ਆਪਣੇ ਨਹੀਂ ਹਨ।