23ਜਦੋਂ ਉਹ ਉਨ੍ਹਾਂ ਦੇ ਮਗਰ ਰੌਲਾ ਪਾਉਂਦੇ ਸਨ, ਤਾਂ ਦਾਨੀਆਂ ਨੇ ਮੁੜ ਕੇ ਮੀਕਾਹ ਨੂੰ ਕਿਹਾ, “ਤੈਨੂੰ ਕੀ ਗੱਲ ਹੈ ਕਿ ਤੂੰ ਆਪਣੇ ਆਦਮੀਆਂ ਨੂੰ ਲੜਨ ਲਈ ਬੁਲਾਇਆ ਹੈ?”
24ਉਸਨੇ ਜਵਾਬ ਦਿੱਤਾ, “ਤੁਸੀਂ ਮੇਰੇ ਬਣਾਏ ਦੇਵਤਿਆਂ ਅਤੇ ਮੇਰੇ ਜਾਜਕ ਨੂੰ ਲੈ ਕੇ ਚੱਲੇ ਹੋ। ਮੇਰੇ ਕੋਲ ਹੋਰ ਕੀ ਰਹਿ ਗਿਆ ਹੈ? ਤੁਸੀਂ ਕਿਵੇਂ ਪੁੱਛ ਸਕਦੇ ਹੋ, ‘ਤੈਨੂੰ ਕੀ ਹੋਇਆ ਹੈ?’ ”
25ਤਦ ਦਾਨੀਆਂ ਨੇ ਉਸ ਨੂੰ ਕਿਹਾ, “ਤੇਰੀ ਆਵਾਜ਼ ਸਾਡੇ ਲੋਕਾਂ ਵਿੱਚ ਸਣਾਈ ਨਾ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਗੁੱਸੇ ਵਾਲੇ ਮਨੁੱਖ ਤੇਰੇ ਉੱਤੇ ਹਮਲਾ ਕਰਨ ਅਤੇ ਤੂੰ ਆਪਣੀ ਅਤੇ ਆਪਣੇ ਟੱਬਰ ਦੀ ਜਾਨ ਦੇ ਨਾਸ ਦਾ ਕਾਰਨ ਬਣ ਜਾਵੇ!”
26ਤਾਂ ਦਾਨ ਦੇ ਲੋਕ ਆਪਣੇ ਰਾਹ ਤੁਰ ਪਏ ਅਤੇ ਮੀਕਾਹ ਨੇ ਇਹ ਵੇਖ ਕੇ ਕਿ ਉਹ ਉਸ ਲਈ ਬਹੁਤ ਬਲਵਾਨ ਸਨ, ਮੁੜਿਆ ਅਤੇ ਆਪਣੇ ਘਰ ਨੂੰ ਚਲਾ ਗਿਆ।
27ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਜਾਜਕ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫਿਕਰ ਸਨ ਉਨ੍ਹਾਂ ਨੇ ਉਨ੍ਹਾਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਸਾੜ ਦਿੱਤਾ।