6ਤਦ ਉਸ ਨੇ ਕਾਦੇਸ਼ ਨਫ਼ਤਾਲੀ ਤੋਂ ਅਬੀਨੋਆਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਕੀ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਨੇ ਆਗਿਆ ਨਹੀਂ ਦਿੱਤੀ ਕਿ ‘ਜਾ, ਤਾਬੋਰ ਦੇ ਪਰਬਤ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ?
7ਮੈਂ ਯਾਬੀਨ ਦੇ ਸੈਨਾ ਅਧਿਕਾਰੀ ਸੀਸਰਾ ਨੂੰ ਉਸਦੇ ਰਥਾਂ ਅਤੇ ਉਸਦੀ ਸੈਨਾ ਨੂੰ ਕੀਸ਼ੋਨ ਨਦੀ ਵੱਲ ਖਿੱਚ ਲਿਆਵਾਂਗਾ ਅਤੇ ਉਸਨੂੰ ਤੁਹਾਡੇ ਹੱਥਾਂ ਵਿੱਚ ਕਰ ਦਿਆਂਗਾ।’ ”
8ਬਾਰਾਕ ਨੇ ਉਸ ਨੂੰ ਕਿਹਾ, “ਜੇ ਤੂੰ ਮੇਰੇ ਨਾਲ ਜਾਵੇਗੀ ਤਾਂ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਜਾਵੇਗੀ ਤਾਂ ਮੈਂ ਵੀ ਨਹੀਂ ਜਾਵਾਂਗਾ।”
9ਦਬੋਰਾਹ ਨੇ ਕਿਹਾ, “ਯਕੀਨਨ ਮੈਂ ਤੁਹਾਡੇ ਨਾਲ ਜਾਵਾਂਗੀ। ਪਰ ਇਸ ਸਫਰ ਵਿੱਚ ਜੋ ਕੁਝ ਤੂੰ ਕਰੇਗਾ ਉਸ ਤੇਰੀ ਕੋਈ ਇੱਜ਼ਤ ਨਾ ਹੋਵੇਗੀ, ਕਿਉਂਕਿ ਯਾਹਵੇਹ ਸੀਸਰਾ ਨੂੰ ਇੱਕ ਔਰਤ ਦੇ ਹੱਥਾਂ ਵਿੱਚ ਸੌਂਪ ਦੇਵੇਗਾ।” ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕਾਦੇਸ਼ ਨੂੰ ਚਲੀ ਗਈ
10ਉੱਥੇ ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਬੁਲਾਇਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਆਦਮੀ ਲੈ ਕੇ ਚੜ੍ਹਿਆ। ਦਬੋਰਾਹ ਵੀ ਉਸ ਦੇ ਨਾਲ ਚੜ੍ਹ ਗਈ।