20ਉਸਨੇ ਭੇਡੂ ਨੂੰ ਟੁਕੜਿਆਂ ਵਿੱਚ ਕੱਟਿਆ ਅਤੇ ਸਿਰ ਅਤੇ ਚਰਬੀ ਸਮੇਤ ਟੁੱਕੜਿਆਂ ਨੂੰ ਸਾੜਿਆ।
21ਉਸਨੇ ਆਂਦਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਸਾਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। ਇਹ ਯਾਹਵੇਹ ਲਈ ਹੋਮ ਦੀ ਭੇਟ ਦੀ ਸੁਗੰਧਤਾ ਅਰਥਾਤ ਹੋਮ ਬਲੀ ਸੀ ਜੋ ਯਾਹਵੇਹ ਨੂੰ ਭੇਟ ਕੀਤੀ ਜਾਂਦੀ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
22ਫਿਰ ਉਸਨੇ ਦੂਜੇ ਭੇਡੂ ਨੂੰ ਅਰਥਾਤ ਥਾਪਣ ਦੇ ਭੇਡੂ ਨੂੰ ਲਿਆਂਦਾ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਉਸਦੇ ਸਿਰ ਉੱਤੇ ਆਪਣੇ ਹੱਥ ਰੱਖੇ।
23ਮੋਸ਼ੇਹ ਨੇ ਭੇਡੂ ਨੂੰ ਵੱਢਿਆ ਅਤੇ ਉਸਦਾ ਕੁਝ ਲਹੂ ਲੈ ਕੇ ਹਾਰੋਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਉਸਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਇਆ।
24ਮੋਸ਼ੇਹ ਨੇ ਹਾਰੋਨ ਦੇ ਪੁੱਤਰਾਂ ਨੂੰ ਵੀ ਅੱਗੇ ਲਿਆਂਦਾ ਅਤੇ ਕੁਝ ਲਹੂ ਵਿੱਚੋਂ ਉਹਨਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਇਆ। ਫਿਰ ਉਸਨੇ ਜਗਵੇਦੀ ਦੇ ਪਾਸਿਆਂ ਉੱਤੇ ਲਹੂ ਛਿੜਕਿਆ।