18ਜ਼ਕਰਯਾਹ ਨੇ ਸਵਰਗਦੂਤ ਨੂੰ ਪੁੱਛਿਆ, “ਮੈਂ ਇਸ ਗੱਲ ਤੇ ਕਿਵੇਂ ਯਕੀਨ ਕਰਾਂ ਕਿਉਂਕਿ ਮੈਂ ਬੁੱਢਾ ਹੋ ਚੁੱਕਿਆ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ?”
19ਸਵਰਗਦੂਤ ਨੇ ਉਸ ਨੂੰ ਜਵਾਬ ਦਿੱਤਾ, “ਮੈਂ ਗਬਰਿਏਲ ਹਾਂ। ਮੈਂ ਨਿੱਤ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਤੇਰੇ ਨਾਲ ਗੱਲ ਕਰਨ ਲਈ ਤੇ ਤੈਨੂੰ ਇਹ ਖੁਸ਼ਖ਼ਬਰੀ ਦੱਸਣ ਲਈ ਹੀ ਭੇਜਿਆ ਗਿਆ ਹੈ।
20ਅਤੇ ਹੁਣ! ਜਦੋਂ ਤੱਕ ਇਹ ਗੱਲ ਪੂਰੀ ਨਾ ਹੋ ਜਾਵੇ, ਤਦ ਤੱਕ ਲਈ ਤੂੰ ਗੂੰਗਾ ਰਹੇਗਾ, ਅਤੇ ਬੋਲ ਨਾ ਸਕੇਂਗਾ, ਕਿਉਂਕਿ ਤੂੰ ਮੇਰੇ ਬਚਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਜਿਨ੍ਹਾਂ ਦਾ ਠਹਿਰਾਏ ਹੋਏ ਵੇਲੇ ਤੇ ਪੂਰਾ ਹੋਣਾ ਤੈਅ ਹੈ।”
21ਇਸ ਦੌਰਾਨ, ਜੋ ਲੋਕ ਬਾਹਰ ਜ਼ਕਰਯਾਹ ਨੂੰ ਉਡੀਕ ਰਹੇ ਸਨ, ਉਹ ਹੈਰਾਨ ਸਨ ਕਿ ਉਸ ਨੂੰ ਹੈਕਲ ਵਿੱਚ ਬਹੁਤ ਚਿਰ ਕਿਉਂ ਲੱਗ ਰਿਹਾ ਹੈ।
22ਜਦੋਂ ਜ਼ਕਰਯਾਹ ਬਾਹਰ ਆਇਆ, ਉਹ ਉਹਨਾਂ ਨਾਲ ਬੋਲ ਨਾ ਸਕਿਆ। ਇਸ ਲਈ ਉਹ ਸਮਝ ਗਏ ਕਿ ਜ਼ਕਰਯਾਹ ਨੂੰ ਹੈਕਲ ਵਿੱਚ ਕੋਈ ਦਰਸ਼ਨ ਹੋਇਆ ਹੈ। ਜ਼ਕਰਯਾਹ ਉਹਨਾਂ ਨਾਲ ਇਸ਼ਾਰਿਆਂ ਦੁਆਰਾ ਗੱਲਬਾਤ ਕਰਦਾ ਰਿਹਾ ਅਤੇ ਗੂੰਗਾ ਬਣ ਕੇ ਰਿਹਾ।