17ਉਹ ਬਹੱਤਰ ਜਾਣੇ ਬੜੇ ਅਨੰਦ ਨਾਲ ਵਾਪਸ ਮੁੜੇ ਅਤੇ ਬੋਲੇ, “ਹੇ ਪ੍ਰਭੂ! ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ!”
18ਇਸ ਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਸਵਰਗ ਤੋਂ ਬਿਜਲੀ ਵਾਂਗ ਡਿੱਗਦਿਆਂ ਦੇਖਿਆ।
19ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਦੁਸ਼ਮਣ ਦੀ ਸਾਰੀ ਸ਼ਕਤੀ ਨੂੰ ਨਸ਼ਟ ਕਰਨ ਦਾ ਅਧਿਕਾਰ ਦਿੱਤਾ ਹੈ, ਇਸ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।
20ਫਿਰ ਵੀ, ਇਹ ਤੁਹਾਡੇ ਲਈ ਖ਼ੁਸ਼ੀ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਭੂਤ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਪਰ ਇਹ ਕੀ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”
21ਉਸੇ ਵੇਲੇ ਯਿਸ਼ੂ ਪਵਿੱਤਰ ਆਤਮਾ ਦੀ ਖੁਸ਼ੀ ਨਾਲ ਭਰ ਕੇ ਬੋਲੇ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ। ਹਾਂ, ਹੇ ਪਿਤਾ, ਇਹੀ ਤੁਹਾਡੀ ਨਿਗਾਹ ਵਿੱਚ ਚੰਗਾ ਸੀ।