23ਕਿਉਂਕਿ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਜ਼ਰੂਰੀ ਹੈ।
24ਕਾਵਾਂ ਵੱਲ ਵੇਖੋ: ਉਹ ਨਾ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਹੀ ਉਹਨਾਂ ਕੋਲ ਕੋਈ ਇਕੱਠਾ ਕਰਕੇ ਰੱਖਣ ਦੀ ਜਗ੍ਹਾ ਹੈ ਅਤੇ ਨਾ ਹੀ ਭੜੋਲੇ ਹਨ; ਪਰ ਫਿਰ ਵੀ ਪਰਮੇਸ਼ਵਰ ਉਹਨਾਂ ਦੀ ਦੇਖਭਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਜ਼ਿਆਦਾ ਉੱਤਮ ਹੋ!
25ਕੌਣ ਤੁਹਾਡੇ ਵਿੱਚੋਂ ਅਜਿਹਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਸਕੇ?
26ਜਦੋਂ ਤੁਸੀਂ ਇਹ ਛੋਟੇ-ਛੋਟੇ ਕੰਮ ਹੀ ਨਹੀਂ ਕਰ ਸਕਦੇ ਤਾਂ ਤੁਸੀਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ?
27“ਇਹ ਸੋਚੋ ਕਿ ਜੰਗਲੀ ਫੁੱਲ ਕਿਵੇਂ ਉੱਗਦੇ ਹਨ। ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ। ਫਿਰ ਵੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਸ਼ਲੋਮੋਨ ਨੇ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਇੱਕ ਵਰਗੇ ਵੀ ਕੱਪੜੇ ਨਹੀਂ ਪਹਿਨੇ ਸਨ।