11ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਜਿਸ ਵਿਅਕਤੀ ਦੇ ਕੋਲ ਦੋ ਕੁੜਤੇ ਹਨ ਉਹ ਉਹਨਾਂ ਵਿੱਚੋਂ ਇੱਕ ਉਸ ਨੂੰ ਦੇਵੇ, ਜਿਸ ਦੇ ਕੋਲ ਇੱਕ ਵੀ ਨਹੀਂ ਹੈ। ਜਿਸ ਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ।”
12ਚੁੰਗੀ ਲੈਣ ਵਾਲੇ ਵੀ ਬਪਤਿਸਮਾ ਲੈਣ ਲਈ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13ਯੋਹਨ ਨੇ ਉਹਨਾਂ ਨੂੰ ਕਿਹਾ, “ਠਹਿਰਾਈ ਹੋਈ ਰਕਮ ਤੋਂ ਜ਼ਿਆਦਾ ਕੁਝ ਨਾ ਲਵੋ।”
14ਕੁਝ ਸਿਪਾਹੀਆਂ ਨੇ ਉਸ ਨੂੰ ਪ੍ਰਸ਼ਨ ਕੀਤਾ, “ਸਾਨੂੰ ਦੱਸੋ, ਅਸੀਂ ਕੀ ਕਰੀਏ?” ਯੋਹਨ ਨੇ ਜਵਾਬ ਦਿੱਤਾ, “ਨਾ ਤਾਂ ਡਰਾ-ਧਮਕਾ ਕੇ ਲੋਕਾਂ ਕੋਲੋ ਪੈਸਾ ਲਓ ਅਤੇ ਨਾ ਹੀ ਕਿਸੇ ਉੱਤੇ ਝੂਠਾ ਦੋਸ਼ ਲਗਾਓ ਪਰ ਆਪਣੀ ਤਨਖਾਹ ਵਿੱਚ ਹੀ ਸੰਤੁਸ਼ਟ ਰਹੋ।”
15ਵੱਡੀ ਉਮੀਦ ਦੇ ਨਾਲ ਭੀੜ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਰੇ ਆਪਣੇ-ਆਪਣੇ ਮਨਾਂ ਵਿੱਚ ਇਹੀ ਵਿਚਾਰ ਕਰ ਰਹੇ ਸਨ ਕਿ ਕਿਤੇ ਯੋਹਨ ਹੀ ਤਾਂ ਮਸੀਹ ਨਹੀਂ ਹੈ।