7ਯੋਹਨ ਨੇ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਸਨ ਇਹ ਕਿਹਾ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ?
8ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ। ਅਤੇ ਆਪਣੇ ਮਨ ਵਿੱਚ ਅਜਿਹਾ ਸੋਚਣਾ ਸ਼ੁਰੂ ਨਾ ਕਰੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।
9ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ ਜੋ ਚੰਗਾ ਫ਼ਲ ਨਹੀਂ ਦਿੰਦਾ ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।”
10ਇਸ ਉੱਤੇ ਭੀੜ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, “ਫਿਰ ਅਸੀਂ ਕੀ ਕਰੀਏ?”
11ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਜਿਸ ਵਿਅਕਤੀ ਦੇ ਕੋਲ ਦੋ ਕੁੜਤੇ ਹਨ ਉਹ ਉਹਨਾਂ ਵਿੱਚੋਂ ਇੱਕ ਉਸ ਨੂੰ ਦੇਵੇ, ਜਿਸ ਦੇ ਕੋਲ ਇੱਕ ਵੀ ਨਹੀਂ ਹੈ। ਜਿਸ ਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ।”