2ਅਤੇ ਕੁਝ ਔਰਤਾਂ ਵੀ ਉਹ ਦੇ ਨਾਲ ਸਨ, ਜਿਹੜੀਆਂ ਦੁਸ਼ਟ ਆਤਮਾ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ: ਮਰਿਯਮ (ਜਿਸ ਨੂੰ ਮਗਦਲਾ ਵਾਸੀ ਕਿਹਾ ਜਾਂਦਾ ਸੀ) ਜਿਸ ਵਿੱਚੋਂ ਸੱਤ ਦੁਸ਼ਟ ਆਤਮਾ ਬਾਹਰ ਕੱਢੇ ਸਨ।
3ਹੇਰੋਦੇਸ ਦੇ ਭੰਡਾਰੀ ਕੁਜ਼ਾ ਦੀ ਪਤਨੀ ਯੋਆਨਾ, ਸੁਸੰਨਾ ਅਤੇ ਹੋਰ ਕਈ ਔਰਤਾਂ। ਇਹ ਉਹ ਔਰਤਾਂ ਸਨ ਜੋ ਆਪਣੀ ਦੌਲਤ ਨਾਲ ਯਿਸ਼ੂ ਅਤੇ ਉਸ ਦੇ ਚੇਲਿਆਂ ਦੀ ਸੇਵਾ ਕਰ ਰਹੀਆਂ ਸਨ।
4ਜਦੋਂ ਵੱਖ-ਵੱਖ ਨਗਰਾਂ ਵਿੱਚੋਂ ਇੱਕ ਵੱਡੀ ਭੀੜ ਵਿੱਚ ਲੋਕ ਇਕੱਠੇ ਹੋ ਕੇ ਯਿਸ਼ੂ ਦੇ ਕੋਲ ਆ ਰਹੇ ਸਨ, ਤਾਂ ਯਿਸ਼ੂ ਨੇ ਇਸ ਦ੍ਰਿਸ਼ਟਾਂਤ ਰਾਹੀਂ ਉਹਨਾਂ ਨੂੰ ਸਿੱਖਿਆ ਦਿੱਤੀ:
5“ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ, ਉਹ ਪੈਰਾਂ ਹੇਠ ਮਿੱਧਿਆ ਗਿਆ, ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਨੂੰ ਚੁਗ ਲਿਆ।
6ਕੁਝ ਪਥਰੀਲੀ ਜ਼ਮੀਨ ਤੇ ਡਿੱਗ ਪਿਆ, ਅਤੇ ਜਦੋਂ ਉਹ ਉੱਗਿਆ ਤਾਂ ਨਮੀ ਨਾ ਹੋਣ ਦੇ ਕਾਰਨ ਸੁੱਕ ਗਿਆ।