31ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਆਖਰੀ ਹੋਣਗੇ ਅਤੇ ਆਖਰੀ ਪਹਿਲੇ ਹੋਣਗੇ।”
32ਉਹ ਯੇਰੂਸ਼ਲੇਮ ਨੂੰ ਜਾ ਰਹੇ ਸਨ ਅਤੇ ਯਿਸ਼ੂ ਉਹਨਾਂ ਸਭਨਾਂ ਤੋਂ ਅੱਗੇ ਤੁਰੇ ਜਾ ਰਹੇ ਸਨ, ਅਤੇ ਚੇਲੇ ਹੈਰਾਨ ਸਨ, ਅਤੇ ਉਸਦੇ ਮਗਰ ਚੱਲ ਰਹੇ ਲੋਕ ਡਰੇ ਹੋਏ ਸਨ। ਫਿਰ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰੇਗਾ।
33“ਵੇਖੋ ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ,” ਉਸਨੇ ਕਿਹਾ, “ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ,
34ਉਹ ਉਸਦਾ ਮਜ਼ਾਕ ਉਡਾਉਣਗੇ ਅਤੇ ਉਹ ਉਸ ਉੱਤੇ ਥੁੱਕਣਗੇ, ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ ਫਿਰ ਉਹ ਤਿੰਨ ਦਿਨਾਂ ਬਾਅਦ ਜੀ ਉੱਠੇਗਾ।”
35ਤਦ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਯੋਹਨ ਉਸ ਕੋਲ ਆਏ। ਉਹਨਾਂ ਨੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਜੋ ਕੁਝ ਅਸੀਂ ਮੰਗਦੇ ਹਾਂ ਓਹ ਕਰੋ।”