25ਜਦੋਂ ਮਰੇ ਹੋਏ ਜੀ ਉੱਠਣਗੇ, ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ; ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ।
26ਹੁਣ ਮੁਰਦਿਆਂ ਦੇ ਜੀ ਉੱਠਣ ਬਾਰੇ ਕੀ ਤੁਸੀਂ ਮੋਸ਼ੇਹ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਘਟਣਾ ਬਾਰੇ ਨਹੀਂ ਪੜ੍ਹਿਆ, ਪਰਮੇਸ਼ਵਰ ਨੇ ਉਸ ਨੂੰ ਕਿਵੇਂ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਵਰ ਹਾਂ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ’?
27ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਤੁਸੀਂ ਬੜੀ ਭੁੱਲ ਵਿੱਚ ਪਏ ਹੋ!”
28ਇੱਕ ਨੇਮ ਦਾ ਉਪਦੇਸ਼ਕ ਆਇਆ ਅਤੇ ਉਸ ਨੇ ਉਹਨਾਂ ਨੂੰ ਬਹਿਸ ਕਰਦੇ ਸੁਣਿਆ। ਇਹ ਵੇਖਦਿਆਂ ਕਿ ਯਿਸ਼ੂ ਨੇ ਉਹਨਾਂ ਨੂੰ ਚੰਗੇ ਢੰਗ ਨਾਲ ਉੱਤਰ ਦਿੱਤਾ ਸੀ, ਉਸ ਨੇ ਯਿਸ਼ੂ ਨੂੰ ਪੁੱਛਿਆ, “ਸਭ ਆਦੇਸ਼ਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਕਿਹੜਾ ਹੈ?”
29ਯਿਸ਼ੂ ਨੇ ਜਵਾਬ ਦਿੱਤਾ, “ਸਭ ਤੋਂ ਮਹੱਤਵਪੂਰਣ ਇਹ ਹੈ: ‘ਹੇ ਇਸਰਾਏਲੀਓ, ਸੁਣੋ: ਸਾਡਾ ਪ੍ਰਭੂ ਪਰਮੇਸ਼ਵਰ ਇੱਕ ਹੀ ਪ੍ਰਭੂ ਹੈ।