19ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਭਲਾ ਓਹ ਵਰਤ ਰੱਖ ਸਕਦੇ ਹਨ? ਜਦੋਂ ਤੱਕ ਲਾੜਾ ਉਹਨਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ ਹਨ।
20ਪਰ ਉਹ ਸਮਾਂ ਆਵੇਗਾ, ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਉਸ ਦਿਨ ਉਹ ਵਰਤ ਰੱਖਣਗੇ।
21“ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ ਕਿਉਂਕਿ ਅਜਿਹਾ ਕਰਨ ਉੱਤੇ ਨਵੇਂ ਕੱਪੜੇ ਦੀ ਟਾਕੀ ਉਸ ਪੁਰਾਣੇ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਵੱਧ ਫੱਟ ਜਾਂਦਾ ਹੈ।
22ਉਸੇ ਤਰ੍ਹਾਂ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਨਹੀਂ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ।”
23ਇੱਕ ਵਾਰ ਸਬਤ ਦੇ ਦਿਨ ਯਿਸ਼ੂ ਖੇਤਾਂ ਵਿੱਚੋਂ ਦੀ ਲੰਘ ਰਹੇ ਸਨ, ਚੱਲਦੇ ਹੋਏ ਉਹਨਾਂ ਦੇ ਚੇਲੇ ਸਿੱਟੇ ਤੋੜਨ ਲੱਗੇ।