16ਪਰ ਜਦੋਂ ਹੇਰੋਦੇਸ ਨੇ ਇਹ ਸੁਣਿਆ ਤਾਂ ਉਸਨੇ ਕਿਹਾ, “ਯੋਹਨ, ਜਿਸਦਾ ਸਿਰ ਮੈਂ ਵੱਢਿਆ ਸੀ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ!”
17ਕਿਉਂਕਿ ਹੇਰੋਦੇਸ ਨੇ ਖ਼ੁਦ ਯੋਹਨ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਉਸ ਨੇ ਉਸਨੂੰ ਬੰਨ੍ਹ ਕੇ ਕੈਦ ਵਿੱਚ ਪਾ ਦਿੱਤਾ ਸੀ। ਉਸਨੇ ਅਜਿਹਾ ਉਸਦੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਕਰਕੇ ਕੀਤਾ ਜਿਸ ਨਾਲ ਉਸਨੇ ਵਿਆਹ ਕਰਵਾ ਲਿਆ ਸੀ।
18ਕਿਉਂਕਿ ਯੋਹਨ ਹੇਰੋਦੇਸ ਨੂੰ ਕਹਿੰਦਾ ਹੁੰਦਾ ਸੀ, “ਕਿ ਬਿਵਸਥਾ ਦੇ ਅਨੁਸਾਰ ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਠੀਕ ਨਹੀਂ ਹੈ।”
19ਇਸ ਲਈ ਹੇਰੋਦਿਅਸ ਨੇ ਯੋਹਨ ਤੋਂ ਦੁਖੀ ਹੋ ਕੇ ਉਸ ਨੂੰ ਮਾਰਨਾ ਚਾਹਿਆ। ਪਰ ਉਹ ਆਪ ਇਸ ਦੇ ਯੋਗ ਨਹੀਂ ਸੀ,
20ਕਿਉਂਕਿ ਹੇਰੋਦੇਸ ਯੋਹਨ ਤੋਂ ਡਰਦਾ ਸੀ ਅਤੇ ਉਸ ਦੀ ਰੱਖਿਆ ਕਰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਹ ਇੱਕ ਧਰਮੀ ਅਤੇ ਪਵਿੱਤਰ ਆਦਮੀ ਹੈ। ਜਦੋਂ ਹੇਰੋਦੇਸ ਨੇ ਯੋਹਨ ਨੂੰ ਸੁਣਿਆ ਤਾਂ ਉਹ ਬੜਾ ਹੈਰਾਨ ਹੋਇਆ। ਫਿਰ ਵੀ ਉਹ ਉਸਨੂੰ ਸੁਣਨਾ ਪਸੰਦ ਕਰਦਾ ਸੀ।