27ਯਿਸ਼ੂ ਅਤੇ ਉਸ ਦੇ ਚੇਲੇ ਕਯਸਰਿਆ ਫ਼ਿਲਿੱਪੀ ਦੇ ਪਿੰਡਾਂ ਨੂੰ ਗਏ। ਰਸਤੇ ਵਿੱਚ ਉਸਨੇ ਉਹਨਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
28ਉਹਨਾਂ ਨੇ ਜਵਾਬ ਦਿੱਤਾ, “ਕੋਈ ਤੁਹਾਨੂੰ ਯੋਹਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ; ਅਤੇ ਕੋਈ ਏਲੀਯਾਹ; ਅਤੇ ਕੁਝ ਕਹਿੰਦੇ ਹਨ, ਨਬੀਆਂ ਵਿੱਚੋਂ ਕੋਈ ਇੱਕ।”
29ਪਰ ਤੁਹਾਡੇ ਬਾਰੇ ਕੀ, “ਉਸਨੇ ਪੁੱਛਿਆ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹਾ ਹੋ।”
30ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਬਾਰੇ ਕਿਸੇ ਨੂੰ ਨਾ ਦੱਸਣ।
31ਤਦ ਯਿਸ਼ੂ ਆਪਣੇ ਚੇਲਿਆਂ ਨੂੰ ਸਿਖਾਉਣ ਲੱਗਾ ਇਹ ਨਿਸ਼ਚਤ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਸਾਰੇ ਦੁੱਖ ਝੱਲੇ ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਉਸਨੂੰ ਮਾਰ ਦਿੱਤਾ ਜਾਵੇ ਅਤੇ ਤੀਸਰੇ ਦਿਨ ਫਿਰ ਜੀ ਉੱਠੇ।