21“ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਕਦੋਂ ਦੀ ਤੋਬਾ ਕਰ ਲੈਣੀ ਸੀ।
22ਪਰ ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿਨ ਸੋਰ ਅਤੇ ਸਿਦੋਨ ਤੁਹਾਡੇ ਨਾਲੋਂ ਬਿਹਤਰ ਹੋਵੇਗਾ।
23ਅਤੇ ਹੇ! ਕਫ਼ਰਨਹੂਮ ਦੇ ਲੋਕੋ, ਕੀ ਤੁਸੀਂ ਸਵਰਗ ਵਿੱਚ ਉੱਚੇ ਕੀਤੇ ਜਾਵੋਗੇ? ਨਹੀਂ, ਸਗੋਂ ਤੁਸੀਂ ਪਤਾਲ ਵਿੱਚ ਸੁੱਟੇ ਜਾਵੋਗੇ। ਜੇ ਇਹ ਚਮਤਕਾਰ ਜਿਹੜੇ ਤੁਹਾਡੇ ਵਿੱਚ ਹੋਏ ਅਗਰ ਸੋਦੋਮ ਵਿੱਚ ਹੁੰਦੇ, ਤਾਂ ਉਹ ਅੱਜ ਤੱਕ ਬਣਿਆ ਰਹਿੰਦਾ।
24ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਨਿਆਂ ਦੇ ਦਿਨ ਸੋਦੋਮ ਨਗਰ ਦਾ ਹਾਲ ਤੁਹਾਡੇ ਨਾਲੋਂ ਬਿਹਤਰ ਹੋਵੇਗਾ।”
25ਉਸੇ ਵੇਲੇ ਯਿਸ਼ੂ ਨੇ ਆਖਿਆ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡੀ ਵਡਿਆਈ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਸਾਰੀਆਂ ਸੱਚਾਈਆਂ ਨੂੰ ਬੁੱਧੀਮਾਨ ਅਤੇ ਗਿਆਨਵਾਨ ਤੋਂ ਲੁਕੋ ਕੇ ਰੱਖਿਆ ਅਤੇ ਉਹਨਾਂ ਨੂੰ ਨਿੱਕੇ ਬੱਚਿਆਂ ਉੱਤੇ ਪ੍ਰਗਟ ਕੀਤਾ।