1ਕੁਝ ਸਮਾਂ ਬਾਅਦ ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਯਿਸ਼ੂ ਨੂੰ ਪਰਖਣ ਲਈ ਉਸ ਦੇ ਅੱਗੇ ਬੇਨਤੀ ਕੀਤੀ ਕਿ ਜੋ ਸਵਰਗ ਵੱਲੋਂ ਸਾਨੂੰ ਕੋਈ ਚਿੰਨ੍ਹ ਵਿਖਾਵੇ।
2ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਸ਼ਾਮ ਹੁੰਦੀ ਹੈ, ‘ਤਾਂ ਤੁਸੀਂ ਕਹਿੰਦੇ ਹੋ, ਕਿ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ,’
3ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਹਨੇਰੀ ਵਗੇਗੀ, ਕਿਉਂਕਿ ਅਸਮਾਨ ਲਾਲ ਅਤੇ ਬੱਦਲ ਛਾਏ ਹੋਏ ਹਨ।’ ਤੁਸੀਂ ਅਸਮਾਨ ਨੂੰ ਵੇਖ ਕੇ ਜਾਂਚ ਕਰਨੀ ਜਾਣਦੇ ਹੋ, ਪਰ ਤੁਸੀਂ ਸਮਿਆਂ ਦੇ ਨਿਸ਼ਾਨ ਦੀ ਜਾਂਚ ਕਰਨੀ ਨਹੀਂ ਜਾਣਦੇ ਹੋ।
4ਇਹ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਵੇਖਣਾ ਚਾਹੁੰਦੀ ਹੈ, ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ ਇਨ੍ਹਾਂ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” ਤਦ ਯਿਸ਼ੂ ਉਹਨਾਂ ਨੂੰ ਛੱਡ ਕੇ ਚਲੇ ਗਏ।