15ਜਦੋਂ ਮੁੱਖ ਜਾਜਕਾਂ ਅਤੇ ਉਪਦੇਸ਼ਕਾ ਨੇ ਉਹ ਅਚਰਜ਼ ਕੰਮ ਵੇਖੇ ਜਿਹੜੇ ਯਿਸ਼ੂ ਨੇ ਕੀਤੇ ਸਨ ਅਤੇ ਬੱਚਿਆਂ ਨੂੰ ਹੈਕਲ ਵਿੱਚ ਉੱਚੀ ਆਵਾਜ਼ ਨਾਲ ਬੋਲਦੇ ਅਤੇ, “ਦਾਵੀਦ ਦੇ ਪੁੱਤਰ ਦੀ ਹੋਸਨਾ,” ਆਖਦੇ ਵੇਖਿਆ, ਤਾਂ ਉਹ ਗੁੱਸੇ ਹੋ ਗਏ।
16ਉਹਨਾਂ ਨੇ ਯਿਸ਼ੂ ਨੂੰ ਕਿਹਾ, “ਕੀ ਤੂੰ ਸੁਣਦਾ ਹੈ ਜੋ ਇਹ ਕੀ ਆਖਦੇ ਹਨ?” ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਾਂ, ਕੀ ਤੁਸੀਂ ਇਹ ਕਦੇ ਨਹੀਂ ਪੜ੍ਹਿਆ, “ ‘ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆਂ ਦੇ ਮੂੰਹੋਂ ਉਸਤਤ ਪੂਰੀ ਕਰਵਾਈ?’ ”
17ਤਾਂ ਉਹ ਉਹਨਾਂ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ ਅਤੇ ਬੈਥਨੀਆ ਵਿੱਚ ਆ ਕੇ ਰਾਤ ਕੱਟੀ।
18ਸਵੇਰੇ, ਜਦੋਂ ਯਿਸ਼ੂ ਵਾਪਸ ਸ਼ਹਿਰ ਨੂੰ ਜਾ ਰਹੇ ਸੀ, ਤਾਂ ਉਹਨਾਂ ਨੂੰ ਭੁੱਖ ਲੱਗੀ।
19ਅਤੇ ਰਾਸਤੇ ਵਿੱਚ ਇੱਕ ਹੰਜ਼ੀਰ ਦਾ ਰੁੱਖ ਵੇਖ ਕੇ, ਉਸਦੇ ਨੇੜੇ ਗਏ ਪਰ ਪੱਤਿਆਂ ਤੋਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਮਿਲਿਆ ਤਾਂ ਉਹਨਾਂ ਨੇ ਆਖਿਆ, “ਅੱਜ ਤੋਂ ਬਾਅਦ ਤੈਨੂੰ ਕਦੇ ਫ਼ਲ ਨਾ ਲੱਗੇ!” ਤਾਂ ਉਸੇ ਵਕਤ ਉਹ ਹੰਜ਼ੀਰ ਦਾ ਰੁੱਖ ਸੁੱਕ ਗਿਆ।