1“ਸਾਵਧਾਨ ਰਹੋ ਤੁਸੀਂ ਆਪਣੇ ਧਾਰਮਿਕਤਾ ਦੇ ਕੰਮਾਂ ਨੂੰ ਮਨੁੱਖਾਂ ਦੇ ਸਾਹਮਣੇ ਦਿਖਾਵੇ ਲਈ ਨਾ ਕਰੋ। ਨਹੀਂ ਤਾਂ ਤੁਸੀਂ ਆਪਣੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੋਈ ਵੀ ਫ਼ਲ ਪ੍ਰਾਪਤ ਨਹੀਂ ਕਰੋਗੇ।
2“ਇਸ ਲਈ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ, ਤਾਂ ਰਸਤਿਆ ਵਿੱਚ ਆਪਣੇ ਅੱਗੇ ਤੁਰ੍ਹੀ ਵਜ਼ਾ ਕੇ ਚਰਚਾ ਨਾ ਕਰੋ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਥਾਨਾਂ ਅਤੇ ਰਸਤਿਆ ਵਿੱਚ ਕਰਦੇ ਹਨ ਤਾਂ ਜੋ ਲੋਕ ਉਹਨਾਂ ਦੀ ਪ੍ਰਸੰਸਾ ਕਰਨ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਆਪਣਾ ਫ਼ਲ ਪਾ ਚੁੱਕੇ ਹਨ।
3ਪਰ ਜਦੋਂ ਤੁਸੀਂ ਲੋੜਵੰਦਾਂ ਨੂੰ ਦਾਨ ਦਿਓ ਤਾਂ ਜੋ ਕੁਝ ਤੁਹਾਡੇ ਸੱਜੇ ਹੱਥ ਵਿੱਚ ਹੈ ਤੁਹਾਡੇ ਖੱਬੇ ਹੱਥ ਨੂੰ ਪਤਾ ਵੀ ਨਾ ਚੱਲੇ। ਕਿ ਤੁਹਾਡਾ ਸੱਜਾ ਹੱਥ ਕੀ ਕਰ ਰਿਹਾ ਹੈ।
4ਤੁਹਾਡਾ ਦਾਨ ਗੁਪਤ ਵਿੱਚ ਹੋਵੇ, ਤਾਂ ਜੋ ਤੁਹਾਡਾ ਪਿਤਾ ਜਿਹੜਾ ਗੁਪਤ ਵਿੱਚ ਹੈ ਤੁਹਾਨੂੰ ਇਨਾਮ ਦੇਵੇ।
5“ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਪਖੰਡੀਆਂ ਦੀ ਤਰ੍ਹਾਂ ਨਾ ਕਰੋ ਕਿਉਂਕਿ ਉਹ ਪ੍ਰਾਰਥਨਾ ਸਥਾਨਾਂ ਅਤੇ ਚੌਕਾਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਜੋ ਲੋਕ ਉਹਨਾਂ ਨੂੰ ਦੇਖਣ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫ਼ਲ ਪਾ ਚੁੱਕੇ ਹਨ।