13ਇਸ ਲਈ ਯਾਹਵੇਹ ਨੇ ਮੇਰੇ ਨਾਲ ਗੱਲ ਕਰਨ ਵਾਲੇ ਦੂਤ ਨੂੰ ਦਿਆਲੂ ਅਤੇ ਦਿਲਾਸਾ ਦੇਣ ਵਾਲੇ ਸ਼ਬਦ ਕਹੇ।
14ਤਦ ਉਸ ਦੂਤ ਨੇ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, ਆਖਿਆ, “ਇਹ ਵਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਮੈਨੂੰ ਯੇਰੂਸ਼ਲੇਮ ਅਤੇ ਸੀਯੋਨ ਲਈ ਵੱਡੀ ਅਣਖ ਹੈ,
15ਅਤੇ ਮੈਂ ਉਹਨਾਂ ਕੌਮਾਂ ਨਾਲ ਬਹੁਤ ਗੁੱਸੇ ਹਾਂ ਜੋ ਸੁਰੱਖਿਅਤ ਮਹਿਸੂਸ ਕਰਦੇ ਹਨ। ਕਿਉਂ ਜੋ ਮੇਰਾ ਕ੍ਰੋਧ ਥੋੜ੍ਹਾ ਜਿਹਾ ਸੀ ਪਰ ਉਨ੍ਹਾਂ ਨੇ ਆਪ ਹੀ ਆਪਣੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।’
16“ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਦਇਆ ਨਾਲ ਯੇਰੂਸ਼ਲੇਮ ਨੂੰ ਵਾਪਸ ਆਵਾਂਗਾ ਅਤੇ ਉੱਥੇ ਮੇਰਾ ਘਰ ਦੁਬਾਰਾ ਬਣਾਇਆ ਜਾਵੇਗਾ। ਅਤੇ ਮਾਪਣ ਵਾਲੀ ਰੇਖਾ ਯੇਰੂਸ਼ਲੇਮ ਉੱਤੇ ਫੈਲਾਈ ਜਾਵੇਗੀ,’ ਸਰਬਸ਼ਕਤੀਮਾਨ ਯਾਹਵੇਹ ਦਾ ਇਹ ਐਲਾਨ ਹੈ।
17“ਫਿਰ ਪੁਕਾਰ ਕੇ ਯਾਹਵੇਹ ਇਹ ਆਖਦਾ ਹੈ: ‘ਮੇਰੇ ਨਗਰ ਫਿਰ ਖੁਸ਼ਹਾਲੀ ਨਾਲ ਭਰ ਜਾਣਗੇ ਅਤੇ ਯਾਹਵੇਹ ਫਿਰ ਸੀਯੋਨ ਨੂੰ ਦਿਲਾਸਾ ਦੇਵੇਗਾ ਅਤੇ ਯੇਰੂਸ਼ਲੇਮ ਨੂੰ ਚੁਣੇਗਾ।’ ”