6ਪਰ ਹੁਣ ਮੈਂ ਕੱਲ੍ਹ ਇਸੇ ਵੇਲੇ ਆਪਣਿਆਂ ਟਹਿਲੂਆਂ ਨੂੰ ਤੇਰੇ ਕੋਲ ਘੱਲਾਂਗਾ ਅਤੇ ਉਹ ਤੇਰੇ ਮਹਿਲ ਦੀ ਅਤੇ ਤੇਰੇ ਟਹਿਲੂਆਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਹੈ ਉਹ ਆਪਣੇ ਹੱਥ ਵਿੱਚ ਚੁੱਕ ਕੇ ਲੈ ਜਾਣਗੇ।’ ”
7ਇਸਰਾਏਲ ਦੇ ਪਾਤਸ਼ਾਹ ਨੇ ਦੇਸ਼ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਵੇਖੋ, ਇਹ ਆਦਮੀ ਕਿਵੇਂ ਬੁਰਿਆਈ ਕਰਨਾ ਚਾਹੁੰਦਾ ਹੈ! ਉਸਨੇ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ, ਮੇਰਾ ਚਾਂਦੀ ਸੋਨਾ ਮੰਗਿਆ, ਮੈਂ ਉਸਨੂੰ ਇਨਕਾਰ ਨਹੀਂ ਕੀਤਾ।”
8ਬਜ਼ੁਰਗਾਂ ਅਤੇ ਲੋਕਾਂ ਨੇ ਉੱਤਰ ਦਿੱਤਾ, “ਨਾ ਉਸ ਦੀ ਗੱਲ ਸੁਣੋ ਅਤੇ ਨਾ ਉਸ ਦੀਆਂ ਮੰਗਾਂ ਮੰਨੋ।”
9ਇਸ ਲਈ ਉਸਨੇ ਬਨ-ਹਦਦ ਦੇ ਸੰਦੇਸ਼ਵਾਹਕਾਂ ਨੂੰ ਜਵਾਬ ਦਿੱਤਾ, “ਮੇਰੇ ਸੁਆਮੀ ਪਾਤਸ਼ਾਹ ਨੂੰ ਆਖੋ, ‘ਤੇਰਾ ਸੇਵਕ ਉਹ ਸਭ ਕੁਝ ਕਰੇਗਾ ਜੋ ਤੁਸੀਂ ਪਹਿਲੀ ਵਾਰ ਮੰਗ ਕੀਤੀ ਸੀ, ਪਰ ਮੈਂ ਇਹ ਮੰਗ ਪੂਰੀ ਨਹੀਂ ਕਰ ਸਕਦਾ।’ ” ਉਹ ਚਲੇ ਗਏ ਅਤੇ ਬਨ-ਹਦਦ ਦਾ ਜਵਾਬ ਵਾਪਸ ਲੈ ਗਏ।
10ਤਾਂ ਬਨ-ਹਦਦ ਨੇ ਉਹ ਨੂੰ ਆਖ ਘੱਲਿਆ, “ਕਿ ਜੇ ਸਾਮਰਿਯਾ ਦੀ ਧੂੜ ਉਹਨਾਂ ਲੋਕਾਂ ਲਈ ਜੋ ਮੇਰੇ ਅਧੀਨ ਹਨ ਮੁੱਠ ਭਰਨ ਲਈ ਪੂਰੀ ਹੀ ਹੋਵੇ ਤਾਂ ਦੇਵਤੇ ਮੇਰੇ ਨਾਲ ਅਜਿਹਾ ਹੀ ਕਰਨ ਸਗੋਂ ਇਸ ਨਾਲੋਂ ਵੀ ਵਧੀਕ।”